BC ਦੇ ਇੱਕ ਫ਼ਾਰਮਾਸਿਸਟ ਨੂੰ 30 ਦਿਨਾਂ ਲਈ ਸੂਬੇ ਦੇ ਕਾਲਜ ਔਫ਼ ਫ਼ਾਰਮਾਸਿਸਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੋਵਿਡ ਮਹਾਂਮਾਰੀ ਦੇ ਸਿੱਖਰ ਦੌਰਾਨ ਆਪਣੇ ਵੈਕਸੀਨੇਸ਼ਨ ਦੇ ਜਾਅਲੀ ਦਸਤਾਵੇਜ਼ ਬਣਾਉਣ ਕਰਕੇ ਆਫ਼ਤਾਬ ਅਹਿਮਦ ਅਬਦੁਲਲਤੀਫ਼ ਸ਼ੇਖ਼ ਨੂੰ ਸਸਪੈਂਡ ਕੀਤਾ ਗਿਆ ਹੈ। ਕਾਲਜ ਦੀ ਸ਼ਿਕਾਇਤ ਰਜਿਸਟ੍ਰੀ ਅਨੁਸਾਰ, ਆਫ਼ਤਾਬ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਅਗਸਤ 2021 ਵਿਚ ਦੋ ਵਾਰੀ ਆਪਣੇ ਫ਼ਾਰਮਾਨੈਟ ਰਿਕਾਰਡ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਜਾਣਕਾਰੀ ਦਰਜ ਕੀਤੀ ਸੀ, ਜਦ ਕਿ ਅਸਲੀਅਤ ਵਿਚ ਉਸਨੇ ਕਦੇ ਵੀ ਕੋਵਿਡ-19 ਵੈਕਸੀਨ ਪ੍ਰਾਪਤ ਨਹੀਂ ਕੀਤੀ ਸੀ।
ਜਾਅਲੀ ਵੈਕਸੀਨ ਰਿਕਾਰਡਾਂ ਕਾਰਨ ਆਫ਼ਤਾਬ ਨੇ ਕੋਵਿਡ-19 ਵੈਕਸੀਨ ਪਾਸਪੋਰਟ ਪ੍ਰਾਪਤ ਕਰ ਲਿਆ ਸੀ। ਆਫ਼ਤਾਬ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਇੱਕ ਸਹਿਕਰਮੀ, ਜੋ ਕਿ ਇੱਕ ਅਧਿਕਾਰਤ ਫ਼ਾਰਮਾਸਿਸਟ ਸੀ, ਨੇ ਉਸ ਦਾ ਟੀਕਾਕਰਨ ਕੀਤਾ ਸੀ, ਜਦਕਿ ਇਹ ਦੋਵੇਂ ਗੱਲਾਂ ਝੂਠੀਆਂ ਸਨ। BC ਦੇ ਕਾਲਜ ਆਫ਼ ਫਾਰਮਾਸਿਸਟ ਦੀ ਜਾਂਚ ਕਮੇਟੀ ਨੇ ਇਹ ਵੀ ਪਾਇਆ ਕਿ ਆਫ਼ਤਾਬ ਨੇ ਫ਼ਾਰਮੇਸੀ ਦੇ Software ‘ਤੇ ਆਪਣੀ ਨਿੱਜੀ ਜਾਣਕਾਰੀ ਨੂੰ ਵੀ ਬਦਲ ਦਿੱਤਾ ਸੀ, ਤਾਂ ਜੋ ਉਸ ਦੀ ਪ੍ਰੋਫਾਈਲ ਨੂੰ ਅਕਿਰਿਆਸ਼ੀਲ ਬਣਾਇਆ ਜਾ ਸਕੇ ਅਤੇ ਉਸ ਦੇ ਰਿਕਾਰਡਾਂ ਤੱਕ ਪਹੁੰਚ ਕਰਨਾ ਹੋਰ ਮੁਸ਼ਕਲ ਹੋ ਜਾਵੇ।