ਕੈਨੇਡਾ ‘ਚ ਆਏ ਦਿਨ ਨਸਲੀ ਵਿਤਕਰੇ ਦੀਆਂ ਘਟਨਾਵਾਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਹੁਣ ਨੌਕਰਸ਼ਾਹਾਂ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। NDP ਆਗੂ ਜਗਮੀਤ ਸਿੰਘ ਦੀ ਮੌਜੂਦਗੀ ‘ਚ ਬਲੈਕ ਕਲਾਸ ਐਕਸ਼ਨ ਸੈਕਰੇਟਰੀਅਟ ਦੇ ਕਾਰਜਕਾਰੀ ਡਾਇਰੈਕਟਰ ਨਿਕੋਲਸ ਮਾਰਕਸ ਥੋਂਪਸਨ ਨੇ ਕਿਹਾ ਕਿ ਕੈਨੇਡਾ ਦੇ ਇੰਪਲੌਇਮੈਂਟ ਇਕੁਇਟੀ ਐਕਟ ‘ਚ ਤੁਰੰਤ ਬਦਲਾਅ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ‘ਚ ਬਲੈਕ ਲੋਕਾਂ ਦੀ ਭਰਤੀ ਅਤੇ ਤਰੱਕੀ ਦੌਰਾਨ ਵਿਤਕਰਾ ਕੀਤਾ ਜਾਂਦਾ ਹੈ, ਜੋ ਕੈਨੇਡਾ ਦੀਆਂ ਨਾਕਾਮੀਆਂ ਤੋਂ ਪਰਦਾ ਚੁੱਕ ਰਿਹਾ ਹੈ। ਥੱਪਸਨ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਇਸ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਇਸ ਮੁਹਿੰਮ ਵਿੱਚ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਕਰਮਚਾਰੀਆਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਅਦਾਲਤੀ ਕੇਸ ਵਿੱਚ ਸ਼ਾਮਲ 1500 ਕਰਮਚਾਰੀਆਂ ਵਿੱਚੋਂ 70 ਫੀਸਦੀ ਬਲੈਕ ਔਰਤਾਂ ਹਨ। ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੀ ਸਕੱਤਰ ਜਨਰਲ ਕੈਟੀ ਨੇ ਕਿਹਾ ਕਿ ਨਸਲੀ ਵਿਤਕਰੇ ਵਾਲੀਆਂ ਗੱਲਾਂ ਕੈਨੇਡਾ ਸਰਕਾਰ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦੀਆਂ। ਸਾਰੀਆਂ ਘੱਟ ਗਿਣਤੀ ਨੂੰ ਸਮੂਹਕ ਤੌਰ ‘ਤੇ ਲਿਆ ਜਾਵੇ ਤਾਂ ਇਨ੍ਹਾਂ ‘ਚੋਂ ਬਲੈਕ ਨੂੰ ਅਦਿੱਖ ਵਿਤਕਰੇ ਦਾ ਟਾਕਰਾ ਕਰਨਾ ਪੈਂਦਾ ਹੈ। NDP ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਕ ਸਿਆਸੀ ਪਾਰਟੀ ਦਾ ਆਗੂ ਹੋਣ ਦੇ ਨਾਤੇ ਇਸ ਮੁਹਿੰਮ ਦੀ ਉਹ ਜ਼ੋਰਦਾਰ ਹਮਾਇਤ ਕਰਦੇ ਹਨ।