ਬਰੈਂਪਟਨ ਦੇ ਵਾਰਡ 9 ਅਤੇ 10 ਦੇ ਪਬਲਿਕ ਸਕੂਲਾਂ ਦੀ ਸੁਪਰਡੈਂਟ ਆਫ ਐਜੂਕੇਸ਼ਨ ਨੀਰਜਾ ਪੰਜਾਬੀ ਦੇ ਨਾਲ਼ ਪਰਸੋਂ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਸੀ ਜਿਸ ਦੌਰਾਨ ਬਹੁਤ ਚਿੰਤਤ ਹੋਈ ਸੁਪਰਡੈਂਟ ਨੇ ਦੱਸਿਆ ਕਿ ਸਾਡੀ ਕਮਿਊਨਿਟੀ ਦੇ ਬੱਚਿਆਂ ਵਲੋਂ ਹੋਰਨਾਂ ਬੱਚਿਆਂ ਨਾਲ਼ ਚਮੜੀ ਦੇ ਰੰਗ, ਦਿੱਖ (ਜਾਤਾਂ ਵਗੈਰਾ ਸਮੇਤ) ਭੇਦਭਾਵ ਤੇ ਨਫਰਤ ਕਰਨ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ ਅਤੇ ਇਹ ਸਿਲਸਿਲਾ ਰੁਕ ਨਹੀਂ ਰਿਹਾ। ਸਸਪੈਂਡ ਕਰਨਾ ਪਵੇ (ਜਰੂਰੀ ਵੀ ਹੈ) ਤਾਂ ਬੱਚੇ ਦਾ ਕੈਰੀਅਰ ਤਬਾਹ ਹੁੰਦਾ ਹੈ। ਇਹ ਵੀ ਕਿ Ross Drive public school (Dixie/Countryside) ਸਕੂਲ ਵਿੱਚ ਇਸ ਤਰ੍ਹਾਂ ਦੇ ਕੇਸ ਬਹੁਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਕੱਲੇ ਸਕੂਲ ਦੇ ਅਧਿਕਾਰੀ ਇਸ ਵਰਤਾਰੇ ਨੂੰ ਰੋਕ ਨਹੀਂ ਸਕਦੇ ਕਿਉਂਕਿ ਅਕਸਰ ਭਿੰਨਭੇਦ (ਜੱਟ/ਜੱਟੀ, ਕਾਲ਼ੇ/ਗੋਰੇ ਦੇ ਫਰਕ, N** word ਸਮੇਤ) ਦੀ ਸਿੱਖਿਆ (ਗੁੜ੍ਹਤੀ) ਮਾਪਿਆਂ/ਵਡੇਰਿਆਂ ਤੋਂ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ (ਚੈਟ) ਦੌਰਾਨ ਮਿਲ਼ਦੀ ਹੈ। ਉਨ੍ਹਾਂ ਆਖਿਆ ਕਿ ਘਟਨਾਵਾਂ ਦੇ ਵਿਸਥਾਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਅਜਿਹੀਆਂ ਨਸਲਵਾਦੀ (ਦੇਸੀ) ਨਫਰਤਾਂ ਦੀ ਬੱਚਿਆਂ ਨੂੰ ਗੁੜ੍ਹਤੀ ਘਰਾਂ ਤੋਂ ਮਿਲ਼ਦੀ ਹੈ। ਅਜਿਹਾ ਕੁਝ ਸਕੂਲਾਂ ਵਿੱਚ ਸਿਖਾਇਆ ਨਹੀਂ ਜਾਂਦਾ। ਸੁਪਰਡੈਂਟ ਨੇ ਸਾਫ ਕਿਹਾ ਕਿ ਬੱਚਿਆਂ ਨੂੰ ਦੋਸ਼ ਦੇਣ ਨਾਲ਼ ਮਸਲਾ ਸੁਲ਼ਝ ਨਹੀਂ ਸਕਦਾ। ਮਾਪੇ ਇਸ ਨਸਲੀ ਵਰਤਾਰੇ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਦੇਣਾ (ਟ੍ਰਾਂਸਫਰ ਕਰਨਾ) ਨਾ ਕਰਨ ਤਾਂ ਪੱਕਾ ਫਰਕ ਪਵੇਗਾ। ਕੈਨੇਡਾ ਵਿੱਚ N** word ਬੋਲਣਾ, ਲਿਖਣਾ ਜਾਂ ਗਾਉਣਾ ਅਪਰਾਧ ਹੈ ਜਿਸ ਦਾ ਕ੍ਰਿਮੀਨਲ ਰਿਕਾਰਡ ਬਣਦਾ ਹੈ, ਯੂਨੀਵਰਸਿਟੀ ਦਾ ਰਾਹ ਬੰਦ ਹੋ ਸਕਦਾ ਹੈ ਅਤੇ ਸਿੱਟੇ ਵਜੋਂ ਚੰਗੀ ਨੌਕਰੀ ਮਿਲਣਾ ਸੰਭਵ ਨਹੀਂ ਰਹਿੰਦਾ।
ਸੁਪਰਡੈਂਟ ਨੇ ਇਹ ਸਲਾਹ ਦਿੱਤੀ ਹੈ ਕਿ ਮਾਪੇ/ਦਾਦਕੇ/ਨਾਨਕੇ ਆਪਣੇ ਬੱਚਿਆਂ ਦੇ ਸਿਰਾਂ ਵਿੱਚ ਪਿੱਛੇ ਰਹਿ ਗਏ ਜਾਤਾਂ, ਲੜਾਈਆਂ, ਕੱਟੜਵਾਦ, ਆਕੜਾਂ, ਵੰਡਾਂ, ਵਖਰੇਵਿਆਂ ਵਗੈਰਾ ਨੂੰ ਫਿੱਟ (mind wash / grooming) ਕਰਨ ਦੀ ਬਜਾਏ ਕੈਨੇਡਾ ਦੀਆਂ ਚੰਗੀਆਂ ਕਦਰਾਂ ਕੀਮਤਾਂ ਨਾਲ਼ ਜੋੜਨ। ਫੋਨ ਲੈ ਕੇ ਦੇਣ ਦੀ ਕਾਹਲ਼ੀ ਨਾ ਕਰਨ, ਅਤੇ ਬੱਚਿਆਂ ਦੀ ਇੰਰਟਨੈਟ ਵਰਤੋਂ ਉਪਰ ਹਰ ਸਮੇਂ ਤਿੱਖੀ ਤੇ ਪੜਤਾਲੀਆ ਨਜਰਸਾਨੀ (ਕੰਟਰੋਲ) ਬਣਾ ਕੇ ਰੱਖਣ। ਏਦਾਂ ਕਰਨ ਨਾਲ਼ ਬਹੁਤ ਹਾਂਪੱਖੀ ਫਰਕ ਪੈਣ ਲੱਗ ਪਵੇਗਾ। ਯਤਨ ਕਰਨ ਵਿੱਚ ਤਾਂ ਹਰਜ ਕੋਈ ਨਹੀਂ! ਕੈਨੇਡਾ ਵਿੱਚ ਸੁੱਤੇਸਿੱਧ ਦੇਸੀ ਨਫਰਤਾਂ ਦੇ ਕੰਡੇ ਬੀਜ ਕੇ ਪੱਲਾ ਝਾੜੀ ਜਾਣ ਦੇ ਸਿੱਟੇ ਸਾਡੇ ਸਾਹਮਣੇ ਹਨ। ਜਿਵੇਂ ਕਿ ਆਪਾਂ ਦੱਸਦੇ ਹਾਂ ਕਿ ਪਿੱਛੇ ਰਹਿ ਗਏ ਦੇਸ਼ ਵਿੱਚ ਤਾਂ ਸਾਰੇ ਕਸੂਰ ਸਰਕਾਰਾਂ, ਸਿਸਟਮਾਂ, ਪੁਲਿਸਾਂ ਵਗੈਰਾ ਦੇ ਰਹੇ ਪਰ ਹੁਣ ਕੈਨੇਡਾ ਵਿੱਚ ਕੀ ਗੱਲ ਹੈ!(ਸਤਪਾਲ ਸਿੰਘ ਜੌਹਲ)