ਯਮਨ ਦੀ ਰਾਜਧਾਨੀ ਸਨਾ ‘ਚ ਰਮਜ਼ਾਨ ‘ਚ ਜ਼ਕਾਤ ਲੈਣ ਲਈ ਲੋਕਾਂ ‘ਚ ਭਗਦੜ ਮੱਚ ਗਈ, ਜਿਸ ਕਾਰਨ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਜ਼ਕਾਤ ਇੱਕ ਕਿਸਮ ਦਾ ਦਾਨ ਹੈ। ਹਰ ਸਮਰੱਥ ਮੁਸਲਮਾਨ ਲਈ ਹਰ ਸਾਲ ਆਪਣੀ ਕੁੱਲ ਸੰਪੱਤੀ ਦਾ 2.5 ਪ੍ਰਤੀਸ਼ਤ ਜ਼ਕਾਤ ਵਜੋਂ ਗਰੀਬਾਂ ਵਿੱਚ ਵੰਡਣਾ ਲਾਜ਼ਮੀ ਹੈ। ਹੂਤੀ-ਨਿਯੰਤਰਿਤ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੇ ਆਖਰੀ ਦਿਨਾਂ ਵਿਚ ਜ਼ਕਾਤ ਵੰਡਣ ਵਾਲੇ ਵਪਾਰੀਆਂ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਸੈਂਕੜੇ ਗਰੀਬ ਲੋਕ ਇਕੱਠੇ ਹੋਏ ਜਦੋਂ ਅਚਾਨਕ ਭਗਦੜ ਮਚ ਗਈ, ਜਿਸ ਦੌਰਾਨ ਇਹ ‘ਦੁਖਦਾਈ’ ਘਟਨਾਂ ਵਾਪਰੀ।
ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਜ਼ਕਾਤ ਸਮਾਗਮ ਦੇ ਆਯੋਜਨ ਲਈ ਜ਼ਿੰਮੇਵਾਰ ਦੋ ਕਾਰੋਬਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੂਥੀ-ਨਿਯੰਤਰਿਤ ਗ੍ਰਹਿ ਮੰਤਰਾਲੇ ਨੇ ਮ੍ਰਿਤਕਾਂ ਦੀ ਸਹੀ ਗਿਣਤੀ ਨਹੀਂ ਦਿੱਤੀ, ਪਰ ਕਿਹਾ ਕਿ “ਜਦੋਂ ਕੁਝ ਵਪਾਰੀ ਜ਼ਕਾਤ ਵੰਡ ਰਹੇ ਸਨ ਤਾਂ ਭਗਦੜ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ”। ਇੱਕ ਹੂਤੀ ਸੁਰੱਖਿਆ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਏਐਫਪੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ।