ਵਾਹਨ ਨਿਰਮਾਤਾ ਫ਼ੌਕਸਵੈਗਨ ਵੱਲੋਂ ਕੈਨੇਡਾ ਵਿਚ ਆਪਣਾ ਈਵੀ ਪਲਾਂਟ ਸਥਾਪਿਤ ਕਰਨ ਨੂੰ ਯਕੀਨੀ ਬਣਾਉਣ ਲਈ ਫ਼ੈਡਰਲ ਸਰਕਾਰ ਕੰਪਨੀ ਨੂੰ ਅਗਲੇ ਇੱਕ ਦਹਾਕੇ ਦੌਰਾਨ 13 ਬਿਲੀਅਨ ਡਾਲਰ ਦੀਆਂ ਸਬਸਿਡੀਆਂ ਦੇਣ ਲਈ ਸਹਿਮਤ ਹੋ ਗਈ ਹੈ। ਬਲੂਮਬਰਗ ਨਿਊਜ਼ ਨੇ ਸਭ ਤੋਂ ਪਹਿਲਾਂ ਇਨੋਵੇਸ਼ਨ ਮੰਤਰੀ ਫ਼੍ਰੈਂਸੁਆ-ਫਿਲਿਪ ਸ਼ੈਂਪੇਨ ਦੇ ਹਵਾਲੇ ਦੇ ਨਾਲ ਸਬਸਿਡੀ ਦੀ ਇਸ ਰਕਮ ਦੀ ਖਬਰ ਛਾਪੀ ਸੀ। ਸੂਤਰਾਂ ਨੇ ਸੀਬੀਸੀ ਨਿਊਜ਼ ਨਾਲ ਇਸ ਸਮਝੌਤੇ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਹੈ।
ਫ਼ੈਡਰਲ ਸਰਕਾਰ ਇਸ ਜਰਮਨ ਵਾਹਨ ਨਿਰਮਾਤਾ ਨੂੰ ਸਲਾਨਾ ਉਤਪਾਦਨ ਸਬਸਿਡੀਆਂ ਪ੍ਰਦਾਨ ਕਰੇਗੀ ਅਤੇ ਓਨਟੇਰਿਓ ਦੇ ਸੇਂਟ ਥੌਮਸ ਵਿਚ ਵਿਸ਼ਾਲ ਫ਼ੈਕਟਰੀ ਦੇ ਨਿਰਮਾਣ ਲਈ ਫ਼ੰਡ ਵੀ ਪ੍ਰਦਾਨ ਕਰੇਗੀ। ਬਲੂਮਬਰਗ ਦੇ ਅਨੁਸਾਰ, ਕੈਨੇਡਾ ਸਰਕਾਰ ਆਪਣੇ ਸਟ੍ਰੈਟਜਿਕ ਇਨੋਵੇਸ਼ਨ ਫੰਡ ਦੁਆਰਾ ਫ਼ੌਕਸਵੈਗਨ ਨੂੰ ਲਗਭਗ $700 ਮਿਲੀਅਨ ਦੀ ਗ੍ਰਾਂਟ ਦੀ ਪੇਸ਼ਕਸ਼ ਕਰ ਰਹੀ ਹੈ। ਫ਼ੈਡਰਲ ਸਰਕਾਰ ਵੱਲੋਂ ਪਲਾਂਟ ਲਈ ਅਗਲੇ 10 ਸਾਲਾਂ ਵਿੱਚ $8 ਬਿਲੀਅਨ ਤੋਂ $13 ਬਿਲੀਅਨ ਤੱਕ ਵਿੱਤੀ ਮਦਦ ਦਿੱਤੇ ਜਾਣ ਦੀ ਉਮੀਦ ਹੈ।