ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਚਾਰ ਫ਼ੈਡਰਲ ਰਾਈਡਿੰਗਜ਼ ‘ਤੇ ਜ਼ਿਮਨੀ ਚੋਣਾਂ 19 ਜੂਨ ਨੂੰ ਕਰਵਾਈਆਂ ਜਾਣਗੀਆਂ। ਇਹ ਚਾਰ ਰਾਈਡਿੰਗਜ਼ ਮੁਲਕ ਦੇ ਤਿੰਨ ਸੂਬਿਆਂ ਮੈਨੀਟੋਬਾ, ਕਿਊਬੈਕ ਅਤੇ ਓਨਟੇਰਿਓ ਵਿਚ ਹਨ। ਮੈਨੀਟੋਬਾ ਸੂਬੇ ਦੀ ਵਿਨੀਪੈਗ ਸਾਊਥ ਸੈਂਟਰ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਬੈਨ ਕਾਰ ਜਿੱਤ ਦੀ ਉਮੀਦ ਕਰ ਰਹੇ ਹਨ। ਇਸ ਸੀਟ ਦੀ ਨੁਮਾਇੰਦਗੀ ਉਨ੍ਹਾਂ ਦੇ ਪਿਤਾ, ਲੰਬੇ ਸਮੇਂ ਤੋਂ MP ਅਤੇ ਕੈਬਿਨੇਟ ਮਿਨਿਸਟਰ ਜਿਮ ਕਾਰ ਕਰਦੇ ਸਨ। ਜਿਮ ਕਾਰ ਦਾ ਦਸੰਬਰ ਮਹੀਨੇ ਦੇਹਾਂਤ ਹੋ ਗਿਆ ਸੀ।
ਸਾਊਥ ਮੈਨੀਟੋਬਾ ਦੀ ਪੋਰਟੇਜ-ਲਿਸਗਰ ਰਾਈਡਿੰਗ ਦੀ ਨੁਮਾਇੰਦਗੀ ਕੰਜ਼ਰਵੇਟਿਵ ਐਮਪੀ ਅਤੇ ਸਾਬਕਾ ਅੰਤਰਿਮ ਲੀਡਰ ਕੈਂਡਿਸ ਬਰਗਨ ਕਰਦੇ ਸਨ, ਪਰ ਉਨ੍ਹਾਂ ਨੇ ਫ਼ਰਵਰੀ ਵਿਚ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਤੁਰੰਤ ਬਾਅਦ ਬਰਗਨ ਅਕਤੂਬਰ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਚੋਣ ਮੁਹਿੰਮ ਦੇ ਕੋ-ਚੇਅਰ ਬਣ ਗਏ ਸਨ।
ਸਾਬਕਾ ਲਿਬਲਰ ਐਮਪੀ ਅਤੇ ਕੈਬਿਨੇਟ ਮਿਨਿਸਟਰ ਮਾਰਕ ਗਾਰਨੌ, ਜੋਕਿ ਸੇਵਾਮੁਕਤ ਪੁਲਾੜ-ਯਾਤਰੀ ਵੀ ਹਨ, ਨੇ ਮਾਰਚ ਮਹੀਨੇ ਵਿਚ ਆਪਣੇ 15 ਸਾਲ ਦੇ ਸਿਆਸੀ ਸਫ਼ਰ ਨੂੰ ਖ਼ਤਮ ਕਰਦਿਆਂ ਅਸਤੀਫ਼ਾ ਦੇ ਦਿੱਤਾ ਸੀ। ਮਾਰਕ ਕਿਊਬੈਕ ਦੀ ਨੌਟਰੇ-ਡੈਮ-ਡੀ-ਗ੍ਰੇਸ-ਵੈਸਟਮਾਊਂਟ ਰਾਈਡਿੰਗ ਤੋਂ ਐਮਪੀ ਸਨ। ਓਨਟੇਰਿਓ ਦੀ ਔਕਸਫ਼ਰਡ ਰਾਈਡਿੰਗ ਕੰਜ਼ਰਵੇਟਿਵ ਐਮਪੀ, ਡੇਵ ਮਕੈਂਜ਼ੀ ਵੱਲੋਂ ਜਨਵਰੀ ਵਿਚ ਦਿੱਤੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋ ਗਈ ਸੀ।
ਇਹ ਚਾਰੇ ਰਾਈਡਿੰਗਜ਼ ਮੌਜੂਦਾ ਜੇਤੂ ਪਾਰਟੀ ਦਾ ਮਜ਼ਬੂਤ ਗੜ੍ਹ ਮੰਨੀਆਂ ਜਾਂਦੀਆਂ ਹਨ। ਪੋਰਟੇਜ-ਲਿਸਗਰ ਰਾਈਡਿੰਗ ਵਿਚ ਕੰਜ਼ਰਵੇਟਿਵ ਉਮੀਦਵਾਰ ਬ੍ਰੈਂਡਨ ਲੈਸਲੀ ਇਸ ਸੀਟ ਨੂੰ ਆਪਣੀ ਪਾਰਟੀ ਕੋਲ ਬਰਕਰਾਰ ਰੱਖਣ ਦੇ ਯਤਨ ਕਰਨਗੇ। ਇੱਥੇ ਉਨ੍ਹਾਂ ਦਾ ਮੁਕਾਬਲਾ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ ਨਾਲ ਹੋਵੇਗਾ। ਮੈਕਸਿਮ ਬਰਨੀਏ ਸਟੀਫ਼ਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਵਿਚ ਵਿਦੇਸ਼ ਮੰਤਰੀ ਅਤੇ ਉਦਯੋਗ ਮੰਤਰੀ ਵੀ ਰਹੇ ਹਨ। ਮਤਭੇਦਾਂ ਤੋਂ ਬਾਅਦ ਉਨ੍ਹਾਂ ਨੇ 2018 ਵਿਚ ਕੰਜ਼ਰਵੇਟਿਵ ਪਾਰਟੀ ਛੱਡ ਦਿੱਤੀ ਸੀ।
ਮੈਨੀਟੋਬਾ ਮੇਟੀ ਫ਼ੈਡਰੇਸ਼ਨ ਫ਼ੌਰ ਵਿਨੀਪੈਗ ਦੇ ਵਾਈਸ-ਪ੍ਰੈਜ਼ੀਡੈਂਟ, ਐਂਡਰੂ ਕੈਰੀਅਰ ਪੋਰਟੇਜ-ਲਿਸਗਰ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਹਨ। ਕੈਨ ਫ਼੍ਰੀਜ਼ਨ ਨੂੰ ਐਨਡੀਪੀ ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਲੈਕਸ਼ਨਜ਼ ਕੈਨੇਡਾ ਨੇ ਐਤਵਾਰ ਨੂੰ ਦੱਸਿਆ ਕਿ ਉਕਤ ਚਾਰ ਰਾਈਡਿੰਗਜ਼ ਵਿੱਚ 9 ਤੋਂ 12 ਜੂਨ ਤੱਕ ਐਡਵਾਂਸ ਪੋਲਿੰਗ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ ਐਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਬੌਬ ਬੈਨਜ਼ਨ ਨੇ ਪਿਛਲੇ ਸਾਲ ਕੈਲਗਰੀ ਹੈਰੀਟੇਜ ਰਾਈਡਿੰਗ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਰਾਈਡਿੰਗ ਵਿਚ 2 ਜੁਲਾਈ ਤੋਂ ਪਹਿਲਾਂ ਜ਼ਿਮਨੀ ਚੋਣਾਂ ਹੋਣੀਆਂ ਜ਼ਰੂਰੀ ਹਨ।
ਦ ਕੈਨੇਡੀਅਨ ਪ੍ਰੈੱਸ