ਯਾਰਕ ਰੀਜਨਲ ਪੁਲਿਸ ਨੇ 161 ਚੋਰੀ ਹੋਈਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਯੌਰਕ ਰੀਜਨਲ ਪੁਲਿਸ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਵਾਹਨਾਂ ਦੀ ਕੀਮਤ $10 ਮਿਲੀਅਨ ਤੋਂ ਵੱਧ ਸੀ ਅਤੇ ਉਨ੍ਹਾਂ ਨੂੰ ਟਰੈਕ ਕਰਨ ਵਿੱਚ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੱਗਾ ਹੈ। ਪੁਲਿਸ ਮੁਤਾਬਕ ਇਨ੍ਹਾਂ ਗੱਡੀਆਂ ਨੂੰ ਅਫ਼ਰੀਕਾ ਅਤੇ ਮੱਧ ਪੂਰਬ ਦੇ ਮੁਲਕ ਵੱਲ ਭੇਜਿਆ ‘ ਦੇ ਜਾ ਰਿਹਾ ਸੀ। ਦੂਜੇ ਪਾਸੇ ਓਨਟਾਰੀਓ ਪ੍ਰੋਵਿਸ਼ੀਅਲ ਪੁਲਿਸ ਨੇ ਵੀ ਹਾਈਵੇਅ 401 ‘ਤੇ ਜਾ ਰਹੇ ਇਕ ਟ੍ਰਾਂਸਪੋਰਟ ਟਰੱਕ ‘ਚੋਂ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ।
ਪੁਲਿਸ ਮੁਤਾਬਕ ਰਿਹਾਇਸ਼ੀ ਇਲਾਕਿਆਂ ‘ਚ ਕਾਰ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਉਚ ਪੱਧਰੀ ਪੜਤਾਲ ਆਰੰਭੀ ਗਈ ਅਤੇ ਚੋਰਾਂ ਦੀ ਪੈੜ ਨੱਪਣ ਦਾ ਸਿਲਸਿਲਾ ਸ਼ੁਰੂ ਹੋਇਆ। ਡੂੰਘਾਈ ‘ਚ ਜਾਣ ’ਤੇ ਚੋਰਾਂ ਵੱਲੋਂ ਰੀਪ੍ਰੋਗਰਾਮਿੰਗ ਦੇ ਸਹਾਰੇ ਕਾਰਾਂ ਚੋਰੀ ਕੀਤੀਆਂ ਗਈਆਂ ਜੋ ਘਰਾਂ ਦੇ ਬਾਹਰ ਖੜ੍ਹੀਆਂ ਹੁੰਦੀਆਂ ਸਨ। ਚੋਰਾਂ ਵੱਲੋਂ ਅੱਧੀ ਰਾਤ ਤੋਂ ਸਵੇਰੇ 6 ਵਜੇ ਦਰਮਿਆਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਯਾਰਕ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਸੰਭਵ ਹੋ ਸਕੇ ਤਾਂ ਉਹ ਆਪਣੀਆਂ ਗੱਡੀਆਂ ਗੈਰਾਜ ‘ਚ ਜਿੰਦਾ ਲਾ ਕੇ ਖੜਾਉਣ। ਫਿਲਹਾਲ ਇਸ ਮਾਮਲੇ ‘ਚ ਗ੍ਰਿਫਤਾਰੀਆਂ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕਾਰ ਚੋਰਾਂ ਦੇ ਗਿਰੋਹ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 1866-876-5423 ਐਕਸਟੈਨਸ਼ਨ 6651 ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨੂੰ 1-800-222-ਟਿਪਸ ‘ਤੇ ਕਾਲ ਕੀਤੀ ਜਾ ਸਕਦੀ ਹੈ।