ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਖਿਲਾਫ ਅਮਰੀਕੀ ਸੰਸਦ ਦੇ ਚੇਅਰਮੈਨ ਕੇਵਿਨ ਮੈਕਕਾਰਥੀ ਨੇ ਮਹਾਦੋਸ਼ ਦੀ ਜਾਂਚ ਦਾ ਐਲਾਨ ਕੀਤਾ ਸੀ। ਹੰਟਰ ਬਾਇਡਨ ਖਿਲਾਫ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ਨੂੰ ਗੰਨ ਡੀਲਰ ਨੂੰ ਧੋਖਾ ਦੇ ਕੇ ਬੰਦੂਕ ਵੇਚਣ ਲਈ ਮਜ਼ਬੂਰ ਕਰਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਬੇਟੇ ਹੰਟਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ।
ਹੰਟਰ ਨੂੰ ਟੈਕਸ ਧੋਖਾਧੜੀ ਅਤੇ ਗੈਰ-ਕਾਨੂੰਨੀ ਵਿਦੇਸ਼ੀ ਲਾਬਿੰਗ ਦੇ ਮਾਮਲਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਹੰਟਰ ਬਾਇਡਨ 53 ਸਾਲ ਦੇ ਹਨ ਅਤੇ ਉਨ੍ਹਾਂ ਖਿਲਾਫ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ। ਹੰਟਰ ਬਾਇਡਨ ਉੱਤੇ 2018 ਵਿੱਚ ਨਸ਼ੀਲੀਆਂ ਦਵਾਈਆਂ ਬਾਰੇ ਝੂਠ ਬੋਲਣ ਦਾ ਵੀ ਦੋਸ਼ ਹੈ, ਜਦੋਂ ਉਨ੍ਹਾਂ ਨੇ ਕੋਲਟ ਕੋਬਰਾ ਰਿਵਾਲਵਰ ਖਰੀਦਿਆ ਸੀ। ਉਨ੍ਹਾਂ ਨੇ ਖੁਦ ਨਸ਼ੀਲੀ ਦਵਾਈ ਦੇ ਸੇਵਨ ਦੀ ਗੱਲ ਕਬੂਲੀ ਸੀ। ਇਹ ਦੋਸ਼ ਸਿੱਧ ਹੋਣ ਤੋਂ ਬਾਅਦ ਬਾਇਡਨ ਦੇ ਅਹੁਦੇ ਉੱਤੇ ਪ੍ਰਭਾਵ ਪੈਣਾ ਲਾਜ਼ਮੀ ਹੈ।
ਹਾਲਾਂਕਿ ਇਹ ਦੋਸ਼ ਬਾਇਡਨ ਖਿਲਾਫ ਸਿੱਧ ਨਹੀਂ ਹੋਏ। ਪਰ ਉਨ੍ਹਾਂ ਦਾ ਬੇਟਾ ਦਖਲਅੰਦਾਜ਼ੀ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਦਾ ਦਾਇਰੇ ਵਿੱਚ ਆਉਂਦਾ ਹੈ। ਮੈਕਕਾਰਥੀ ਨੇ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਬੇਸ਼ੱਕ ਇਹ ਬਾਇਡਨ ਦਾ ਪਰਿਵਾਰਿਕ ਮਸਲਾ ਹੈ ਪਰ ਜੇਕਰ ਉਨ੍ਹਾਂ ਦੇ ਬੇਟੇ ਖਿਲਾਫ ਦੋਸ਼ ਸਿੱਧ ਹੁੰਦੇ ਹਨ ਤਾਂ ਉਨ੍ਹਾਂ ਦੀ ਚੋਣਾਂ ਵਿੱਚ ਜਿੱਤ ਅਸੰਭਵ ਹੈ। ਹੁਣ ਉਹ ਇੱਕ ਵੱਡੀ ਮੁਸੀਬਤ ਵਿੱਚ ਫਸ ਗਏ ਹਨ ਜਿਸ ਦਾ ਅਸਰ ਉਨ੍ਹਾਂ ਦੇ ਰਾਜਨੀਤਿਕ ਜੀਵਨ ਉੱਤੇ ਵੀ ਪਵੇਗਾ।