ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਇਸ ਹਫ਼ਤੇ ਭਾਰਤ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਰਮਿਆਨ ਇੱਕ ਸੰਭਾਵੀ ਸਬੰਧ ਬਾਰੇ ਭਰੋਸੇਯੋਗ ਖੁਫ਼ੀਆ ਜਾਣਕਾਰੀ ਹੋਣ ਦੇ ਬਿਆਨ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਭਾਰਤੀ ਕਾਂਸੁਲੇਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਪਰ ਨਿੱਝਰ ਦੇ ਸਮਰਥਕਾਂ ਅਤੇ ਬੀਸੀ ਵਿਚ ਹੋਣ ਵਾਲੀ ਇੱਕ ਗ਼ੈਰ-ਅਧਿਕਾਰਤ ਸਿੱਖ ਆਜ਼ਾਦੀ ਰਾਏਸ਼ੁਮਾਰੀ ਦੇ ਆਯੋਜਨ ਨੂੰ ਵੀ ਸੁਰੱਖਿਆ ਚਿੰਤਾਵਾਂ ਦਰਪੇਸ਼ ਹਨ।
ਸਿੱਖ ਰਾਏਸ਼ੁਮਾਰੀ ਦੇ ਦੂਸਰੇ ਪੜਾਅ ਦੀ ਵੋਟਿੰਗ 29 ਅਕਤੂਬਰ ਨੂੰ ਹੋਣੀ ਹੈ। ਸਿੱਖ ਰਾਏਸ਼ੁਮਾਰੀ ਦੀ ਪਹਿਲੀ ਵੋਟਿੰਗ 10 ਸਤੰਬਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਹੋਈ ਸੀ। ਆਯੋਜਕਾਂ ਅਨੁਸਾਰ ਇਸ ਵਿਚ 135,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਹ ਉਹੀ ਗੁਰਦੁਆਰਾ ਹੈ ਜਿੱਥੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਆਯੋਜਕਾਂ ਨੇ ਦੱਸਿਆ ਕਿ ਦੂਸਰੇ ਪੜਾਅ ਦੀ ਵੋਟਿੰਗ ਲਈ ਲੋਕੇਸ਼ਨ ਅਜੇ ਐਲਾਨੀ ਨਹੀਂ ਗਈ ਹੈ। ਅਮਰੀਕਾ ਅਧਾਰਤ ਸਿੱਖਸ ਫੌਰ ਜਸਟਿਸ ਸਮੂਹ ਦਾ ਬੁਲਾਰਾ, ਗੁਰਪਤਵੰਤ ਸਿੰਘ ਪੰਨੂ ਦੁਨੀਆ ਭਰ ਵਿਚ ਇਸ ਤਰ੍ਹਾਂ ਦੀ ਰਾਏਸ਼ੁਮਾਰੀ ਆਯੋਜਿਤ ਕਰਾਉਂਦਾ ਰਿਹਾ ਹੈ। ਇੱਕ ਟੈਕਸਟ ਮੈਸੇਜ ਵਿਚ ਪੰਨੂ ਨੇ ਦੱਸਿਆ ਕਿ ਬੀਸੀ ਵਿਚ ਰਾਏਸ਼ੁਮਾਰੀ ਦੀ ਜਗ੍ਹਾ ਵੋਟਿੰਗ ਤੋਂ ਤਿੰਨ ਦਿਨ ਪਹਿਲਾਂ ਐਲਾਨੀ ਜਾਵੇਗੀ।
ਵੈਨਕੂਵਰ ਪੁਲਿਸ ਦੀ ਮੀਡੀਆ ਰਿਲੇਸ਼ਨਜ਼ ਅਫਸਰ, ਕਾਂਸਟੇਬਲ ਤਾਨੀਆ ਵਿਸਿਨਟਿਨ ਨੇ ਬੁੱਧਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਹਰਦੀਪ ਸਿੰਘ ਨਿੱਝਰ, ਜੋਕਿ ਖ਼ਾਲਿਸਤਾਨ ਦਾ ਪੱਕਾ ਹਿਮਾਇਤੀ ਸੀ, ਦੇ ਕਤਲ ਬਾਰੇ ਟ੍ਰੂਡੋ ਦੇ ਬਿਆਨ ਤੋਂ ਬਾਅਦ, ਪੁਲਿਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇੱਕ ਈਮੇਲ ਬਿਆਨ ਵਿਚ ਤਾਨੀਆ ਨੇ ਕਿਹਾ ਕਿ ਪੁਲਿਸ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਹਿੰਸਾ ਦੀ ਰੋਕਥਾਮ ਲਈ ਲਗਾਤਾਰ ਜੋਖਮਾਂ ਦਾ ਮੁਲਾਂਕਣ ਕਰ ਰਹੀ ਹੈ ਅਤੇ ਹੋਰ ਕਈ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ।
ਤਾਨੀਆ ਨੇ ਕਿਹਾ ਕਿ ਵੈਨਕੂਵਰ ਪੁਲਿਸ ਕੋਲ ਭਾਰਤੀ ਕਾਂਸੁਲਰ ਅਧਿਕਾਰੀਆਂ ਨੂੰ ਕਿਸੇ ਵਿਸ਼ੇਸ਼ ਖ਼ਤਰੇ ਦੀ ਸੂਚਨਾ ਨਹੀਂ ਹੈ, ਪਰ ਡਾਊਨਟਾਊਨ ਵੈਨਕੂਵਰ ਵਿੱਖੇ ਸਥਿਤ ਕਾਂਸੁਲੇਟ ਵਿੱਖੇ ਪੁਲਿਸ ਮੌਜੂਦਗੀ ਵਧਾ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਸਿਟੀ ਅਧਿਕਾਰੀਆਂ ਨਾਲ ਭਾਰਤੀ ਕਾਂਸੁਲੇਟ ਵਾਲੀ ਸੜਕ ‘ਤੇ ਨੋ-ਸਟਪਿੰਗ ਜ਼ੋਨ ਲਾਗੂ ਕਰਨ ਲਈ ਵੀ ਕੰਮ ਕਰ ਰਹੀ ਹੈ।
ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ, ਭਾਰਤ ਅਤੀਤ ਵਿੱਚ ਕੁਝ ਮੁੱਦੇ ਲਿਆਉਂਦਾ ਰਿਹਾ ਹੈ ਅਤੇ ਅਸੀਂ ਉਨ੍ਹਾਂ ਦਾ ਨਿਵਾਰਨ ਕੀਤਾ ਹੈ, ਖ਼ਾਸ ਤੌਰ ‘ਤੇ ਜਦੋਂ ਉਨ੍ਹਾਂ ਦੇ ਡਿਪਲੋਮੈਟਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਦੀ ਗੱਲ ਆਉਂਦੀ ਹੈ। ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਕੋਲ 24/7 ਸੁਰੱਖਿਆ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੇ ਜਨਰਲ ਸਕੱਤਰ, ਭੁਪਿੰਦਰ ਸਿੰਘ ਹੋਥੀ ਨੇ ਦੱਸਿਆ ਕਿ 10 ਸਤੰਬਰ ਦੀ ਵੋਟਾਂ ਵਿਚ 10 ਪੁਲਿਸ ਅਫਸਰ, 20 ਪ੍ਰਾਈਵੇਟ ਸੁਰੱਖਿਆ ਗਾਰਡ ਅਤੇ 40 ਵੁਲੰਟੀਅਰ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਭੁਪਿੰਦਰ ਸਿੰਘ ਨੇ ਕਿਹਾ ਕਿ ਨਿੱਝਰ ਦੇ ਕਤਲ ਤੋਂ ਤੁਰੰਤ ਬਾਅਦ ਲੋਕਾਂ ਵਿਚ ਕੁਝ ਡਰ ਜ਼ਰੂਰ ਸੀ, ਪਰ ਹੌਲੀ ਹੌਲੀ ਸਭ ਪਹਿਲਾਂ ਵਾਂਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਖਦਸ਼ਿਆਂ ਦੇ ਬਾਵਜੂਦ ਗੁਰਦੁਆਰੇ ਵੱਲੋਂ ਸਿੱਖਿਅਕ ਪ੍ਰੋਗਰਾਮਾਂ ਅਤੇ ਲੰਗਰ ਵਰਗੀਆਂ ਸੇਵਾਵਾਂ ਵਿਚ ਕਟੌਤੀ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਦ ਕੈਨੇਡੀਅਨ ਪ੍ਰੈੱਸ