ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਫ਼ੈਡਰਲ ਮੰਤਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੂਬੇ ਨੂੰ ਆਪਣੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਪ੍ਰੀਮੀਅਰ ਈਬੀ ਦਾ ਬਿਆਨ ਉਦੋਂ ਆਇਆ ਹੈ ਜਦੋਂ ਬੀਸੀ ਅਤੇ ਓਨਟੇਰਿਓ ਦੀਆਂ ਗੁਰਦੁਆਰਾ ਕੌਂਸਲਾਂ ਨੇ ਭਾਰਤ ਨਾਲ ਸਾਰੇ ਖ਼ੂਫ਼ੀਆ ਅਤੇ ਸੁਰੱਖਿਆ ਸਮਝੌਤਿਆਂ ਨੂੰ ਮੁਅੱਤਲ ਕਰਨ ਅਤੇ ਹਰਦੀਪ ਸਿੰਘ ਨਿੱਝਰ ਦੀ ਮੌਤ ਵਿਚ ਜਨਤਕ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ ਅਤੇ ਓਨਟੇਰਿਓ ਗੁਰਦੁਆਰਾਜ਼ ਕਮੇਟੀ ਨੇ ਕਿਹਾ ਕਿ ਜਨਤਕ ਰਿਪੋਰਟਾਂ ਦੇ ਅਧਾਰ ‘ਤੇ ਇਹ ਸਪਸ਼ਟ ਹੈ ਕਿ ਖ਼ੂਫ਼ੀਆ ਏਜੰਸੀਆਂ ਨਿੱਝਰ ਦੀ ਜਾਨ ਨੂੰ ਖ਼ਤਰੇ ਬਾਰੇ ਜਾਣੂ ਸਨ, ਅਤੇ ਇਹ ਗੱਲ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੀ ਚਿੰਤਾਜਨਕ ਅਸਫਲਤਾ ਦਾ ਸੰਕੇਤ ਦਿੰਦੀ ਹੈ ਵਰਨਾ ਇੱਕ ਹਿੰਸਕ ਅਪਰਾਧ ਨੂੰ ਰੋਕਿਆ ਜਾ ਸਕਦਾ ਸੀ। ਈਬੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹਨਾਂ ਨੂੰ ਕਾਫ਼ੀ ਸ਼ੱਕ ਹੈ ਕਿ ਫ਼ੈਡਰਲ ਸਰਕਾਰ ਅਜਿਹੀ ਜਾਣਕਾਰੀ ਨੂੰ ਰੋਕ ਰਹੀ ਸੀ ਜੋ ਬੀਸੀ ਦੀ ਭਾਰਤ ਨਾਲ ਸਬੰਧਾਂ ਵਾਲੇ ਆਪਣੇ ਵਸਨੀਕਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਹਿਫ਼ਾਜ਼ਤ ਕਰਨ ਵਿੱਚ ਮਦਦ ਕਰ ਸਕਦੀ ਸੀ।
ਪ੍ਰੀਮੀਅਰ ਈਬੀ ਦੋ ਦਿਨ ਔਟਵਾ ਵਿਚ ਰਹੇ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸਣੇ ਕਈ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ। ਈਬੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੂਫ਼ੀਆ ਤੰਤਰ ਤੋਂ ਸੁਰੱਖਿਆ ਖ਼ਦਸ਼ਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਜ਼ਾਹਰ ਕੀਤੀ ਤਾਂ ਕਿ ਬੀਸੀ ਇਨ੍ਹਾਂ ਮੁੱਦਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਸੂਬਾਈ ਰਿਸਪਾਂਸ ਵੀ ਤਿਆਰ ਕਰ ਸਕੇ। ਈਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੱਤਿਆ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਮਿਲੀ ਹੈ, ਪਰ ਟ੍ਰੂਡੋ ਅਤੇ ਪਬਲਿਕ ਸੇਫ਼ਟੀ ਮਿਨਿਸਟਰ ਡੋਮਿਨਿਕ ਲੇਬਲੌਂ ਨੇ ਈਬੀ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਸੁਧਾਰ ਬਾਬਤ ਵਚਨਬੱਧਤਾਵਾਂ ਕੀਤੀਆਂ।
(ਦ ਕੈਨੇਡੀਅਨ ਪ੍ਰੈੱਸ)