ਸਿੱਖ ਰਾਏਸ਼ੁਮਾਰੀ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡਾ ਵੱਲੋਂ ਭਾਰਤ ‘ਤੇ ਲਾਏ ਦੋਸ਼ਾਂ ਨੇ ਸੁਤੰਤਰ ਸਿੱਖ ਰਾਜ ਦੀ ਮੰਗ ਕਰਦੀ ਲਹਿਰ ਦੇ ਸਮਰਥਨ ਨੂੰ ਹੁਲਾਰਾ ਦਿੱਤਾ ਹੈ। ਸਿੱਖਸ ਫ਼ੌਰ ਜਸਟਿਸ ਨਾਂ ਦੇ ਸਮੂਹ ਵੱਲੋਂ ਗ਼ੈਰ-ਅਧਿਕਾਰਤ ਸਿੱਖ ਆਜ਼ਾਦੀ ਰਾਏਸ਼ੁਮਾਰੀ ਦਾ ਦੂਸਰਾ ਪੜਾਅ 29 ਅਕਤੂਬਰ ਨੂੰ ਸਰੀ ਦੇ ਉਸ ਗੁਰਦੁਆਰੇ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ।
ਅਮਰੀਕਾ ਅਧਾਰਤ ਸਿੱਖਸ ਫ਼ੌਰ ਜਸਟਿਸ ਦੇ ਬੁਲਾਰੇ, ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਸਨੂੰ ਇਸ ਰਾਏਸ਼ੁਮਾਰੀ ਵਿਚ ਹਜ਼ਾਰਾਂ ਵੋਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਕਿਉਂਕਿ ਸਤੰਬਰ ਵਿਚ ਪਹਿਲੇ ਪੜਾਅ ਦੌਰਾਨ ਵੀ ਇੰਨੇ ਲੋਕ ਆਏ ਸਨ ਕਿ ਵੋਟਿੰਗ ਲਈ ਇੱਕ ਹੋਰ ਦਿਨ ਨਿਰਧਾਰਿਤ ਕਰਨਾ ਜ਼ਰੂਰੀ ਹੋ ਗਿਆ ਸੀ। ਪੰਨੂ ਨੇ ਕਿਹਾ ਕਿ ਹਾਲਾਂਕਿ ਖ਼ਾਲਿਸਤਾਨੀ ਲਹਿਰ ਦੇ ਕਈ ਸਮਰਥਕ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੇ ਡਰੋਂ ਆਪਣੀ ਰਾਏ ਦੇਣ ਤੋਂ ਝਿਜਕ ਰਹੇ ਸਨ, ਪਰ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਬਿਆਨ ਤੋਂ ਬਾਅਦ ਉਹਨਾਂ ਸਮਰਥਕਾਂ ਦਾ ਬੋਲਣ ਦਾ ਹੌਂਸਲਾ ਵਧਿਆ ਹੈ।
ਭਾਰਤ ਸਰਕਾਰ ਨੇ ਨਿੱਝਰ ਦੀ ਮੌਤ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦੇ ਹੋਏ ਕੈਨੇਡਾ ਦੇ ਦੋਸ਼ਾਂ ਨੂੰ ‘ਬੇਤੁਕਾ’ ਦੱਸਿਆ ਹੈ। ਨਿੱਝਰ ਭਾਰਤ ਵਿੱਚ ਵਾਂਟੇਡ ਸੀ। ਭਾਰਤੀ ਅਧਿਕਾਰੀਆਂ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ। ਨਿੱਝਰ ‘ਤੇ ਇੱਕ ਹਿੰਦੂ ਪੁਜਾਰੀ ‘ਤੇ ਕਥਿਤ ਹਮਲੇ ਦਾ ਵੀ ਇਲਜ਼ਾਮ ਸੀ। ਹਾਲਾਂਕਿ ਨਿੱਝਰ ਨੇ ਭਾਰਤ ਦੇ ਇਨ੍ਹਾਂ ਦਾਅਵਿਆਂ ਅਤੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।ਨਿੱਝਰ ਕੈਨੇਡਾ ਵਿਚ ਸਿੱਖ ਰਾਏਸ਼ੁਮਾਰੀ ਦੇ ਮੁੱਖ ਪ੍ਰਬੰਧਕਾਂ ਵਿਚੋਂ ਸੀ। ਯੂਕੇ, ਆਸਟ੍ਰੇਲੀਆ, ਇਟਲੀ ਅਤੇ ਸਵਿਟਜ਼ਰਲੈਂਡ ਵਿੱਚ ਵੀ ਇਸੇ ਤਰ੍ਹਾਂ ਦੇ ਰਿਫ਼ਰੈਂਡਮ ਹੋ ਚੁੱਕੇ ਹਨ।
ਭਾਰਤ ਸਰਕਾਰ ਲੰਬੇ ਸਮੇਂ ਤੋਂ ਕਹਿੰਦੀ ਰਹੀ ਹੈ ਕਿ ਵੱਖਵਾਦੀ ਕਾਰਕੁੰਨ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ, ਜਦ ਕਿ ਕੈਨੇਡਾ ਕਹਿੰਦਾ ਰਿਹਾ ਹੈ ਕਿ ਉਸਦੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਹੈ, ਜੇਕਰ ਉਹ ਹਿੰਸਾ ਨੂੰ ਨਹੀਂ ਭੜਕਾਉਂਦੇ। ਟਰੂਡੋ ਦੇ ਬਿਆਨਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ। ਹਾਲਾਂਕਿ ਰਿਸ਼ਤਿਆਂ ਦੀ ਕੜਵਾਹਟ ਦੇ ਕੁਝ ਘਟਣ ਦੇ ਸੰਕੇਤ ਵੀ ਮਿਲੇ ਹਨ। ਵੀਰਵਾਰ ਤੋਂ ਭਾਰਤ ਨੇ ਕੈਨੇਡੀਅਨਜ਼ ਲਈ ਚਾਰ ਤਰ੍ਹਾਂ ਦੇ ਵੀਜ਼ਾ ਦੁਬਾਰਾ ਖੋਲ ਦਿੱਤੇ ਹਨ, ਜਿਸ ਵਿਚ ਐਂਟਰੀ, ਬਿਜ਼ਨਸ, ਮੈਡੀਅਕਲ ਅਤੇ ਕਾਨਫ਼੍ਰੰਸ ਵੀਜ਼ਾ ਸ਼ਾਮਲ ਹਨ।
(ਦ ਕੈਨੇਡੀਅਨ ਪ੍ਰੈੱਸ)