ਅਮਰੀਕੀ ਫੌਜ ਨੇ ਪੂਰਬੀ ਸੀਰੀਆ ‘ਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਅਤੇ ਇਸ ਦੇ ਸਮਰਥਿਤ ਸਮੂਹਾਂ ਦੇ ਦੋ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਹਮਲੇ ਦਾ ਆਦੇਸ਼ ਰਾਸ਼ਟਰਪਤੀ ਜੋਅ ਬਾਇਡਨ ਨੇ ਦਿੱਤਾ ਸੀ। ਅਮਰੀਕਾ ਨੇ ਇਹ ਕਦਮ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਬਲਾਂ ਦੇ ਖਿਲਾਫ ਹਮਲਿਆਂ ਦੇ ਜਵਾਬ ਵਿੱਚ ਚੁੱਕਿਆ ਹੈ। ਪੈਂਟਾਗਨ ਨੇ ਕਿਹਾ ਕਿ ਇਰਾਕ ‘ਚ ਅਮਰੀਕੀ ਏਅਰਬੇਸ ‘ਤੇ ਫਿਰ ਤੋਂ ਹਮਲਾ ਕੀਤਾ ਗਿਆ ਹੈ। ਇਰਬਿਲ ਏਅਰਬੇਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਮਾਮੂਲੀ ਨੁਕਸਾਨ ਹੋਇਆ ਹੈ।
ਦੱਸ ਦੇਈਏ ਕਿ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈ ਕੇ ਵਧਦੇ ਤਣਾਅ ਦੇ ਵਿਚਕਾਰ ਈਰਾਨ ਸਮਰਥਿਤ ਸਮੂਹ ਇਰਾਕ ‘ਚ ਘੱਟੋ-ਘੱਟ 12 ਵਾਰ ਅਤੇ ਸੀਰੀਆ ‘ਚ 4 ਵਾਰ ਅਮਰੀਕੀ ਅਤੇ ਗਠਜੋੜ ਫੌਜਾਂ ‘ਤੇ ਹਮਲੇ ਕਰ ਚੁੱਕੇ ਹਨ। ਇਨ੍ਹਾਂ ਹਮਲਿਆਂ ‘ਚ ਕਰੀਬ 21 ਅਮਰੀਕੀ ਜਵਾਨ ਜ਼ਖਮੀ ਹੋ ਗਏ ਸਨ।
ਅਮਰੀਕੀ ਰੱਖਿਆ ਮੰਤਰੀ ਲੋਇਡ ਔਸਟਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਵੈ-ਰੱਖਿਆ ਹਮਲੇ 17 ਅਕਤੂਬਰ ਤੋਂ ਸ਼ੁਰੂ ਹੋਏ ਈਰਾਨ-ਸਮਰਥਿਤ ਮਿਲੀਸ਼ੀਆ ਸਮੂਹਾਂ ਦੁਆਰਾ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਬਲਾਂ ਦੇ ਵਿਰੁੱਧ ਚੱਲ ਰਹੇ ਅਤੇ ਜ਼ਿਆਦਾਤਰ ਅਸਫਲ ਹਮਲਿਆਂ ਦੀ ਇੱਕ ਲੜੀ ਦੇ ਜਵਾਬ ਵਿੱਚ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਬਲਾਂ ਵਿਰੁੱਧ ਇਹ ਈਰਾਨ ਸਮਰਥਿਤ ਹਮਲੇ ਅਸਵੀਕਾਰਨਯੋਗ ਹਨ ਅਤੇ ਇਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।’