ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੀ ਕੋਲੋਰਾਡੋ ਅਦਾਲਤ ਨੇ ਕੈਪੀਟਲ ਹਿੰਸਾ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਅਯੋਗ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਡੋਨਾਲਡ ਟਰੰਪ ਨੂੰ ਵੋਟਿੰਗ ਤੋਂ ਵੀ ਅਯੋਗ ਕਰਾਰ ਦਿੱਤਾ ਹੈ। ਇਸ ਲਈ ਹੁਣ ਡੋਨਾਲਡ ਟਰੰਪ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਤਰਫੋਂ ਨਾ ਤਾਂ ਚੋਣ ਲੜ ਸਕਣਗੇ ਅਤੇ ਨਾ ਹੀ ਇਸ ਵਿੱਚ ਵੋਟ ਪਾ ਸਕਣਗੇ।
ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੰਵਿਧਾਨ ਦੀ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ ਕੀਤੀ ਗਈ ਹੈ। ਅਮਰੀਕਾ ਦੀ ਕੋਲੋਰਾਡੋ ਅਦਾਲਤ ਨੇ ਡੋਨਾਲਡ ਟਰੰਪ ਦੇ ਖਿਲਾਫ 4-3 ਨਾਲ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਬਹੁਮਤ ਦਾ ਮੰਨਣਾ ਹੈ ਕਿ ਟਰੰਪ 14ਵੀਂ ਸੋਧ ਦੀ ਧਾਰਾ 3 ਤਹਿਤ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਅਯੋਗ ਹਨ। ਦੱਸ ਦਈਏ ਕਿ ਟਰੰਪ ਦੇ ਖਿਲਾਫ ਇਹ ਫੈਸਲਾ ਦੇਣ ਵਾਲੀ ਅਦਾਲਤ ਦੇ ਸਾਰੇ ਜੱਜਾਂ ਦੀ ਨਿਯੁਕਤੀ ਡੈਮੋਕ੍ਰੇਟਿਕ ਗਵਰਨਰਾਂ ਦੁਆਰਾ ਕੀਤੀ ਗਈ ਸੀ।
ਹਾਲਾਂਕਿ ਇਸ ਦੇ ਨਾਲ ਹੀ ਅਮਰੀਕੀ ਅਦਾਲਤ ਨੇ ਆਪਣਾ ਫੈਸਲਾ 4 ਜਨਵਰੀ ਤੱਕ ਲਾਗੂ ਹੋਣ ਤੋਂ ਰੋਕ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਡੋਨਾਲਡ ਟਰੰਪ ਕੋਲੋਰਾਡੋ ਕੋਰਟ ਦੇ ਇਸ ਫੈਸਲੇ ਖਿਲਾਫ ਅੱਗੇ ਅਪੀਲ ਕਰ ਸਕਦੇ ਹਨ।