ਸਿਟੀ ਔਫ਼ ਕੈਲਗਰੀ ਬਾਹਰੀ ਪਾਣੀ ਦੀਆਂ ਪਾਬੰਦੀਆਂ ਨੂੰ ਹਟਾ ਰਿਹਾ ਹੈ। ਪਰ ਸਿਟੀ ਨੇ ਅਜੇ ਵੀ ਵਸਨੀਕਾਂ ਨੂੰ ਸਮਝਦਾਰੀ ਨਾਲ ਪਾਣੀ ਦੀ ਵਰਤੋਂ ਕਰਨ ਲਈ ਆਖਿਆ ਹੈ। ਦੋ ਮਹੀਨਿਆਂ ਤੋਂ ਲਾਗੂ ਪਾਬੰਦੀਆਂ ਮੰਗਲਵਾਰ ਨੂੰ ਹਟਾ ਦਿੱਤੀਆਂ ਜਾਣਗੀਆਂ।
ਕੈਲਗਰੀ ਅਤੇ ਹੋਰ ਇਲਾਕਿਆਂ ਵਿਚ ਪਾਣੀ ਸਪਲਾਈ ਕਰਨ ਵਾਲੀਆਂ ਬੋਅ ਅਤੇ ਐਲਬੋ ਨਦੀਆਂ ਵਿੱਚ ਪਾਣੀ ਦੇ ਰਿਕਾਰਡ ਘੱਟ ਵਹਾਅ ਦੇ ਕਾਰਨ ਅਗਸਤ ਵਿਚ ਪਾਣੀ ਦੀ ਵਰਤੋਂ ‘ਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਕਮੀ ਅਤੇ ਮੌਸਮੀ ਤਬਦੀਲੀਆਂ ਕਾਰਨ ਪਾਣੀ ਦੀ ਵਰਤੋਂ ਘਟਣ ਦੀ ਉਮੀਦ ਹੈ।
ਅਧਿਕਾਰੀਆਂ ਅਨੁਸਾਰ ਪਾਬੰਦੀਆਂ ਕਾਰਨ 1.5 ਬਿਲੀਅਨ ਲੀਟਰ ਪਾਣੀ ਦੀ ਬਚਤ ਹੋਈ ਹੈ, ਜੋ ਕਿ 606 ਓਲੰਪਿਕ-ਆਕਾਰ ਦੇ ਸਵੀਮਿੰਗ ਪੂਲ ਦੇ ਬਰਾਬਰ ਹੈ। ਇਹ ਪਹਿਲੀ ਵਾਰ ਸੀ ਜਦੋਂ ਸਿਟੀ ਨੇ ਸੋਕੇ ਦੇ ਕਾਰਨ ਆਪਣੇ ਵਸਨੀਕਾਂ ਨੂੰ ਆਪਣੀ ਆਊਟਡੋਰ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਕਿਹਾ ਸੀ।
ਸਿਟੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਲੋਕਲ ਕਲਾਈਮੇਟ ਮੌਡਲਿੰਗ ਅਨੁਸਾਰ ਕੈਲਗਰੀ ਭਵਿੱਖ ਵਿੱਚ ਵਧੇਰੇ ਗੰਭੀਰ ਅਤੇ ਅਕਸਰ ਵਾਪਰਨ ਵਾਲੀਆਂ ਮੌਸਮੀ ਘਟਨਾਵਾਂ ਦਾ ਅਨੁਭਵ ਕਰਨਾ ਜਾਰੀ ਰੱਖ ਸਕਦਾ ਹੈ।