ਟੋਰੌਂਟੋ ਸਿਟੀ ਕੌਂਸਲ ਨੇ ਸ਼ਹਿਰ ਦੇ ਡਾਊਨਟਾਊਨ ਵਿਚ ਸਥਿਤ ਯੰਗ-ਡੰਡਸ ਸਕੇਅਰ ਦਾ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਡੰਡਸ ਨਾਮ ਨਾਲ ਜੁੜੀਆਂ ਕੁਝ ਹੋਰ ਥਾਵਾਂ ਦੇ ਨਾਮ ਵੀ ਆਉਂਦੇ ਸਮੇਂ ਵਿਚ ਬਦਲੇ ਜਾਣਗੇ। ਦੋ ਸਾਲਾਂ ਦੀ ਖੋਜ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਸਿਟੀ ਨੇ ਯੰਗ-ਡੰਡਸ ਸਕੇਅਰ ਦਾ ਨਵਾਂ ਨਾਮ ਸੈਨਕੋਫ਼ਾ ਸਕੇਅਰ ਰੱਖਣ ਦਾ ਫ਼ੈਸਲਾ ਕੀਤਾ ਹੈ।
ਇੱਕ ਬਿਆਨ ਵਿੱਚ, ਸਿਟੀ ਨੇ ਕਿਹਾ ਕਿ ਸੈਨਕੋਫ਼ਾ ਸ਼ਬਦ ਘਾਨਾ ਵਿੱਚ ਉਤਪੰਨ ਹੋਇਆ ਹੈ ਅਤੇ ਇਹ ਅਤੀਤ ਦੀਆਂ ਸਿੱਖਿਆਵਾਂ ‘ਤੇ ਵਿਚਾਰ ਕਰਨ ਅਤੇ ਉਸ ‘ਤੇ ਕੰਮ ਨੂੰ ਦਰਸਾਉਂਦਾ ਹੈ, ਜੋ ਲੋਕਾਂ ਨੂੰ ਇਕੱਠੇ ਅੱਗੇ ਵਧਣ ਦੇ ਯੋਗ ਬਣਾਉਂਦਾ ਹੈ।
ਸਿਟੀ ਦਾ ਕਹਿਣਾ ਹੈ ਕਿ ਇਸਦਾ ਯੰਗ-ਡੰਡਸ ਸਕੇਅਰ ਬੋਰਡ 2024 ਵਿੱਚ ਨਵੇਂ ਨਾਮ ਨੂੰ ਅਪਣਾਉਣ ਦੇ ਵੇਰਵਿਆਂ ਦੇ ਨਾਲ ਕੌਂਸਲ ਨੂੰ ਰਿਪੋਰਟ ਕਰੇਗਾ। ਸਿਟੀ ਨੇ ਕਿਹਾ ਕਿ ਅਗਲੇ ਸਾਲ ਡੰਡਸ ਅਤੇ ਡੰਡਸ ਵੈਸਟ ਸਬਵੇਅ ਸਟੇਸ਼ਨਾਂ ਅਤੇ ਜੇਨ/ਡੰਡਸ ਪਬਲਿਕ ਲਾਇਬ੍ਰੇਰੀ ਸਮੇਤ ਹੈਨਰੀ ਡੰਡਸ ਦੇ ਨਾਮ ‘ਤੇ ਮੌਜੂਦ ਸ਼ਹਿਰ ਦੀਆਂ ਹੋਰ ਥਾਵਾਂ ਦੇ ਨਾਮ ਬਦਲਣ ਦੀ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ।
ਹੈਨਰੀ ਡੰਡਸ ਸਕੌਟਲੈਂਡ ਦਾ ਇੱਕ ਸਿਆਸਤਦਾਨ ਸੀ ਜਿਸ ਤੇ ਇਲਜ਼ਾਮ ਹੈ ਕਿ ਉਸਨੇ ਬ੍ਰਿਟਿਸ਼ ਰਾਜ ਦੌਰਾਨ ਗ਼ੁਲਾਮਾਂ ਦੇ ਵਪਾਰ ਦੀ ਪ੍ਰਥਾ ਨੂੰ ਖ਼ਤਮ ਕਰਨ ਵਿਚ ਅੜਿੱਕੇ ਪਾਏ ਸਨ। 16 ਵੀਂ ਤੋਂ 19 ਵੀਂ ਸਦੀ ਦੇ ਦੌਰਾਨ ਬ੍ਰਿਟਿਸ਼ ਰਾਜ ਵਿਚ ਗ਼ੁਲਾਮਾਂ ਦਾ ਵਪਾਰ ਕੀਤਾ ਜਾਂਦਾ ਸੀ। ਇਸ ਨੂੰ ਟ੍ਰਾੰਸ-ਅਟਲਾਂਟਿਕ ਸਲੇਵ ਟ੍ਰੇਡ ਕਹਿੰਦੇ ਸਨ ਅਤੇ ਇਸ ਦੌਰਾਨ ਅਫ਼੍ਰੀਕੀ ਦੇਸ਼ਾਂ ਤੋਂ ਲੋਕਾਂ ਨੂੰ ਗ਼ੁਲਾਮ ਬਣਾਕੇ ਅਮਰੀਕੀ ਅਤੇ ਯੂਰਪੀਅਨ ਦੇਸ਼ਾਂ ਵਿਚ ਵੇਚਿਆ ਜਾਂਦਾ ਸੀ। 19 ਵੀਂ ਸਦੀ ਦੀ ਸ਼ੁਰੂਆਤ ਵਿਚ ਬ੍ਰਿਟਿਸ਼ ਰਾਜ ਵਿਚ ਗ਼ੁਲਾਮੀ ਦੀ ਪ੍ਰਥਾ ਖ਼ਤਮ ਕੀਤੀ ਗਈ ਸੀ।
ਬੀਤੇ ਸਾਲ ਐਂਟੀ-ਬਲੈਕ ਨਸਲਵਾਦ ਬਾਰੇ ਵਿਸ਼ਵ ਵਿਆਪੀ ਮੁਜ਼ਾਹਰਿਆਂ ਅਤੇ ਮੁਹਿੰਮ ਤੇਜ਼ ਹੋਣ ਤੋਂ ਬਾਅਦ ਇਸ ਮਾਮਲੇ ਨੇ ਦੁਬਾਰਾ ਤੂਲ ਫੜ ਲਿਆ ਸੀ। ਇਸ ਤੋਂ ਇਲਾਵਾ ਮੂਲਨਿਵਾਸੀ ਭਾਈਚਾਰਿਆਂ ਦੇ ਸ਼ੋਸ਼ਣ ਵਿਚ ਵੀ ਹੈਨਰੀ ਦੀ ਭੂਮਿਕਾ ਰਹੀ ਹੈ। ਖ਼ਰਚਿਆਂ ਦੇ ਮੱਦੇਨਜ਼ਰ ਸਿਟੀ ਕੌਂਸਲ ਨੇ ਡੰਡਸ ਸਟ੍ਰੀਟ ਦਾ ਨਾਮ ਬਦਲਣ ਦੇ 2021 ਦੇ ਫ਼ੈਸਲੇ ਨੂੰ ਹਾਲ ਦੀ ਘੜੀ ਰੋਕ ਲਿਆ ਹੈ।ਟੋਰੌਂਟੋ ਦੀ ਮੇਅਰ ਨੇ ਨਾਮ ਬਦਲਣ ਵਾਲੇ ਮੋਸ਼ਨ ਦਾ ਸਮਰਥਨ ਕੀਤਾ।
(ਸੀਬੀਸੀ ਨਿਊਜ਼)