ਕੈਨੇਡਾ ਵਿਚ ਗ੍ਰੋਸਰੀ ਕੀਮਤਾਂ ਦੀ ਵਧ ਰਹੀ ਮਹਿੰਗਾਈ ਦਾ ਅਧਿਐਨ ਕਰ ਰਹੀ ਪਾਰਲੀਮੈਂਟਰੀ ਕਮੇਟੀ ਅੱਗੇ ਲੌਬਲੌਜ਼, ਮੈਟਰੋ ਅਤੇ ਐਮਪਾਇਰ ਦੇ ਸੀਈਓਜ਼ ਪੇਸ਼ ਹੋਣਗੇ। ਇੱਕ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਸਾਲ 2022 ਦੇ ਪਹਿਲੇ ਅੱਧ ਦੌਰਾਨ ਤਿੰਨੇ ਵੱਡੀਆਂ ਗ੍ਰੋਸਰੀ ਚੇਨਾਂ ਨੇ, ਪਿਛਲੇ ਪੰਜ ਸਾਲ ਦੇ ਔਸਤ ਮੁਨਾਫ਼ੇ ਦੀ ਤੁਲਨਾ ਵਿਚ, ਵਧੇਰੇ ਮੁਨਾਫ਼ਾ ਕਮਾਇਆ ਹੈ। ਕੈਨੇਡਾ ਦੇ ਸਭ ਤੋਂ ਵੱਡੇ ਗ੍ਰੋਸਰੀ ਸਟੋਰਾਂ ਦੇ ਸੀਈਓਜ਼ ਐਮਪੀਜ਼ ਸਾਹਮਣੇ ਪੇਸ਼ ਹੋਣਗੇ। ਕੁਝ ਫ਼ੂਡ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਐਮਪੀਜ਼ ਨੂੰ ਗ੍ਰੋਸਰੀ ਉਦਯੋਗ ਉੱਪਰ ਮੁਨਾਫ਼ਿਆਂ ਵਿਚ ਪਾਰਦਰਸ਼ਤਾ ਲਿਆਉਣ ਦਾ ਦਬਾਅ ਪਾਉਣਾ ਚਾਹੀਦਾ ਹੈ।
ਹੈਲਿਫ਼ੈਕਸ ਸਥਿਤ ਡਲਹੌਜ਼ੀ ਯੂਨੀਵਰਸਿਟੀ ਵਿੱਖੇ ਐਗਰੀ-ਫ਼ੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ, ਸਿਲਵੇਨ ਸ਼ਾਰਲੇਬੋਏ ਨੇ ਕਿਹਾ ਕਿ ਇਹ ਅਗਾਮੀ ਬੈਠਕ ਇੱਕ ਸਿਆਸੀ ਨਾਟਕ ਵਾਂਗ ਹੋ ਸਕਦੀ ਹੈ। ਕੰਪਨੀਆਂ ਦੇ ਹੋਰ ਐਗਜ਼ੈਕਟਿਵ ਪਹਿਲਾਂ ਹੀ ਕਮੇਟੀ ਅੱਗੇ ਪੇਸ਼ ਹੋ ਚੁੱਕੇ ਹਨ, ਪਰ ਐਨਡੀਪੀ ਸੀਈਓਜ਼ ਦੀ ਗ਼ੈਰ-ਮੌਜੂਦਗੀ ਪ੍ਰਤੀ ਆਪਣੀ ਅਸੰਤੁਸ਼ਟੀ ਪ੍ਰਗਟਾ ਚੁੱਕੀ ਹੈ। ਜਗਮੀਤ ਸਿੰਘ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਗ੍ਰੋਸਰੀ ਸਟੋਰਾਂ ਦੇ ਮੁਖੀਆਂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਹਨਾਂ ਦੀ ਕੀਮਤਾਂ ਅਤੇ ਉਹਨਾਂ ਦੇ ਮੁਨਾਫ਼ੇ ਇੰਨੇ ਜ਼ਿਆਦਾ ਕਿਉਂ ਹਨ। NDP ਐਮਪੀ ਐਲੀਸਟੇਅਰ ਮੈਕਗ੍ਰੈਗਰ ਨੇ ਸੀਈਓਜ਼ ਨੂੰ ਤਲਬ ਕਰਨ ਦੀ ਪਹਿਲਕਦਮੀ ਕੀਤੀ ਸੀ, ਜਿਸਨੂੰ ਲਿਬਰਲ, ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਤਿੰਨੇ ਪਾਰਟੀਆਂ ਨੇ ਸਮਰਥਨ ਦਿੱਤਾ ਸੀ।
ਦ ਕੈਨੇਡੀਅਨ ਪ੍ਰੈੱਸ