ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਡਾਕਟਰ ਗੁਰਦੇਵ ਸਿੰਘ ਗਿੱਲ ਦਾ ਪਿਛਲੇ ਐਤਵਾਰ ਬੀਸੀ ਦੇ ਵੈਸਟਮਿੰਸਟਰ ਵਿੱਖੇ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਡਾ.ਗੁਰਦੇਵ ਸਿੰਘ ਗਿੱਲ ਨੇ 1958 ਵਿਚ ਕੈਨੇਡਾ ਦਾ ਪਹਿਲਾ ਸਾਊਥ ਏਸ਼ੀਅਨ ਮੂਲ ਦਾ ਡਾਕਟਰ ਬਣਕੇ ਇਤਿਹਾਸ ਰਚਿਆ ਸੀ। ਡਾ.ਗਿੱਲ 1949 ਵਿੱਚ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਕੈਨੇਡੀਅਨ ਐਨਸਾਈਕਲੋਪੀਡੀਆ ਦੇ ਅਨੁਮਾਨ ਅਨੁਸਾਰ ਉਦੋਂ ਦੇਸ਼ ਵਿੱਚ ਸਿਰਫ 2,000 ਦੱਖਣੀ ਏਸ਼ੀਆਈ ਲੋਕ ਸਨ।
ਉਹ ਵੈਨਕੂਵਰ ਦੀ ਖ਼ਾਲਸਾ ਦਿਵਾਨ ਸੋਸਾਇਟੀ ਦੇ ਪ੍ਰਧਾਨ ਵੀ ਬਣੇ ਜਿੱਥੇ ਉਨ੍ਹਾਂ ਨੇ ਦੱਖਣੀ ਵੈਨਕੂਵਰ ਵਿਚ ਨਵੇਂ ਗੁਰਦੁਆਰੇ ਦੀ ਇਮਾਰਤ ਦੀ ਦੇਖ ਰੇਖ ਦਾ ਕੰਮ ਕੀਤਾ। ਡਾ.ਗਿੱਲ ਦੇ ਪੋਤੇ, ਇਮਰਾਨ ਗਿੱਲ ਨੇ ਕਿਹਾ ਕਿ ਉਸਦੇ ਦਾਦਾ ਨੇ ਬਹੁਤ ਹੀ ਨਿਰਸਵਾਰਥ ਜੀਵਨ ਬਤੀਤ ਕੀਤਾ ਅਤੇ ਉਨ੍ਹਾਂ ਦਾ ਜੀਵਨ ਨਾ ਸਿਰਫ਼ ਕੈਨੇਡਾ ਵਿਚ ਸਗੋਂ ਪੰਜਾਬੀ ਪਿੰਡਾਂ ਵਿਚ ਵੀ ਸਵੱਛਤਾ ਦਾ ਬੁਨਿਆਦੀ ਢਾਂਚਾ ਉਸਾਰਣ ਲਈ ਸਮਰਪਿਤ ਸੀ।
1990 ਵਿਚ ਡਾ ਗੁਰਦੇਵ ਸਿੰਘ ਗਿੱਲ ਨੂੰ ਬੀਸੀ ਦੇ ਸਭ ਤੋਂ ਵੱਡੇ ਸਨਮਾਨ, ਔਰਡਰ ਔਫ਼ ਬ੍ਰਿਟਿਸ਼ ਕੋਲੰਬੀਆ ਨਾਲ ਨਵਾਜ਼ਿਆ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਸੰਗੀਤਕਾਰ ਬ੍ਰਾਇਨ ਐਡਮਜ਼, ਓਲੰਪਿਕ ਖਿਡਾਰੀ ਲੋਰੀ ਫ਼ੰਗ ਅਤੇ ਕਾਰੋਬਾਰੀ ਜਿਮ ਪੈਟੀਸਨ ਵਰਗੇ ਨਾਮਵਰ ਸ਼ਖ਼ਸੀਅਤਾਂ ਦੇ ਨਾਲ ਦਿੱਤਾ ਗਿਆ ਸੀ। ਇਮਰਾਨ ਨੇ ਦੱਸਿਆ ਕਿ ਉੱਘੇ ਕੈਨੇਡੀਅਨਜ਼ ਦੇ ਨਾਲ ਸਟੇਜ ‘ਤੇ ਸਨਮਾਨਿਤ ਹੋਣਾ ਡਾ ਗਿੱਲ ਲਈ ਬਹੁਤ ਮਾਣ ਵਾਲਾ ਮਕਾਮ ਸੀ।
ਸਾਊਥ ਵੈਨਕੂਵਰ ਗੁਰਦੁਆਰੇ ਦੇ ਮੌਜੂਦਾ ਸਹਾਇਕ ਸਕੱਤਰ,ਜਰਨੈਲ ਸਿੰਘ ਭੰਡਾਲ ਨੇ ਕਿਹਾ ਕਿ ਡਾ. ਗਿੱਲ ਦੀ ਪ੍ਰਧਾਨਗੀ ਦੌਰਾਨ ਇੱਕ ਨਵੀਂ ਅਤੇ ਵੱਡੀ ਇਮਾਰਤ ਦੀ ਫ਼ੰਡਿੰਗ ਲਈ ਸੂਬਾ ਵਿਆਪਕ ਯਤਨ ਕੀਤੇ ਗਏ ਸਨ ਤਾਂ ਜੋ ਵਧ ਰਹੇ ਭਾਈਚਾਰੇ ਲਈ ਇਬਾਦਤ, ਲੰਗਰ ਅਤੇ ਭਾਈਚਾਰਕ ਸਮਾਗਮਾਂ ਦੇ ਇੱਕ ਸਥਾਨ ਪ੍ਰਬੰਧ ਕੀਤਾ ਜਾ ਸਕੇ। ਹੁਣ ਸਿੱਖ ਭਾਈਚਾਰਾ ਬਹੁਤ ਵੱਡਾ ਹੈ ਅਤੇ ਹੁਣ ਕਈ ਗੁਰਦੁਆਰੇ ਮੌਜੂਦ ਹਨ, ਪਰ ਉਸ ਵੇਲੇ ਅਜਿਹਾ ਨਹੀਂ ਸੀ। ਇਹ ਸਿੱਖ ਭਾਈਚਾਰੇ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ।
(ਸੀਬੀਸੀ ਨਿਊਜ਼)