ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪ (IRGC) ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦੇ ਤਰੀਕਿਆਂ ‘ਤੇ ਵਿਚਾਰ ਕਰ ਰਹੀ ਹੈ। ਟਰੂਡੋ ਨੇ ਸੋਮਵਾਰ ਨੂੰ ਫ਼ਲਾਈਟ PS752 ਦੇ ਪੀੜਤਾਂ ਦੀ ਯਾਦ ਵਿੱਚ ਰਿਚਮੰਡ ਹਿੱਲ ਵਿਚ ਆਯੋਜਿਤ ਇੱਕ ਸਮਾਰੋਹ ਵਿੱਚ ਇਹ ਟਿੱਪਣੀ ਕੀਤੀ।
8 ਜਨਵਰੀ, 2020 ਨੂੰ ਤਹਿਰਾਨ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਫ਼ਲਾਈਟ PS752 ਨੂੰ IRGC ਨੇ ਮਿਜ਼ਾਈਲ ਹਮਲਾ ਕਰਕੇ ਮਾਰ ਡੇਗਿਆ ਸੀ। ਇਸ ਜਹਾਜ਼ ਵਿੱਚ ਸਵਾਰ ਸਾਰੇ 176 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 55 ਕੈਨੇਡੀਅਨ ਨਾਗਰਿਕ ਅਤੇ 30 ਪਰਮਾਨੈਂਟ ਰੈਜ਼ੀਡੈਂਟਸ ਸਨ।
ਪੀੜਤ ਪਰਿਵਾਰ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਤੋਂ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦੀ ਮੰਗ ਕਰ ਰਹੇ ਹਨ। ਫੈਡਰਲ ਸਰਕਾਰ ਨੇ IRGC ਖ਼ਿਲਾਫ਼ ਜਵਾਬੀ ਕਦਮ ਚੁੱਕੇ ਹਨ। ਸਰਕਾਰ ਨੇ ਇਰਾਨ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਵਰਤੋਂ ਕੀਤੀ ਹੈ।
ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਦਰਜਨਾਂ ਸੀਨੀਅਰ ਇਰਾਨੀ ਅਧਿਕਾਰੀਆਂ ਨੂੰ ਦਾਖ਼ਲੇ ਤੋਂ ਇਨਕਾਰ ਕੀਤਾ ਹੈ ਅਤੇ ਇਰਾਨ ਸਰਕਾਰ ਨਾਲ ਸੰਭਾਵੀ ਸਬੰਧ ਰੱਖਣ ਵਾਲੇ ਕੈਨੇਡੀਅਨ ਸਟੈਟਸ ਵਾਲੇ ਲਗਭਗ 100 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਟਰੂਡੋ ਨੇ ਸੋਮਵਾਰ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਹੋਰ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ।