ਓਨਟੇਰਿਓ ਸਰਕਾਰ ਕੁਝ ਸਰਵਿਸ ਓਨਟੇਰਿਓ ਸੈਂਟਰਾਂ ਨੂੰ ਬੰਦ ਕਰ ਰਹੀ ਹੈ ਅਤੇ ਸਟੇਪਲਜ਼ ਕੈਨੇਡਾ ਦੇ ਚੋਣਵੇਂ ਸਟੋਰਾਂ ਵਿੱਚ ਨਵੀਆਂ ਲੋਕੇਸ਼ਨਾਂ ਸ਼ੁਰੂ ਕਰੇਗੀ। ਸਰਕਾਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ 2024 ਦੇ ਸ਼ੁਰੂ ਵਿੱਚ ਚੋਣਵੇਂ ਸਟੇਪਲਜ਼ ਕੈਨੇਡਾ ਸਟੋਰਾਂ ਵਿੱਚ ਨਵੇਂ ਸਰਵਿਸ ਓਨਟੇਰਿਓ ਸੈਂਟਰ ਖੋਲ੍ਹੇਗੀ। ਸਰਕਾਰ ਨੇ ਉਸ ਸਮੇਂ ਇਹ ਨਹੀਂ ਦੱਸਿਆ ਸੀ ਕਿ ਮੌਜੂਦਾ ਸੈਂਟਰ ਬੰਦ ਹੋ ਜਾਣਗੇ।
ਮਿਨਿਸਟਰ ਔਫ਼ ਪਬਲਿਕ ਸਰਵਿਸ ਐਂਡ ਬਿਜ਼ਨਸ ਸਰਵਿਸ ਡਿਲੀਵਰੀ ਦੇ ਪ੍ਰੈੱਸ ਸਕੱਤਰ ਐਲਿੰਗਹੈਮ ਨੇ ਇੱਕ ਈਮੇਲ ਵਿਚ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੀਆਂ ਲੋਕੇਸ਼ਨਾਂ ਬੰਦ ਹੋਣਗੀਆਂ ਅਤੇ ਨਵੇਂ ਸੈਂਟਰ ਕਿੱਥੇ ਖੋਲੇ ਜਾਣਗੇ।
ਐਲਿੰਗਹੈਮ ਨੇ ਈਮੇਲ ਵਿਚ ਲਿਖਿਆ, ਲੋਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ, ਕਾਰਜਾਂ ਨੂੰ ਸੁਚਾਰੂ ਬਣਾਉਣ ਅਤੇ ਓਨਟੇਰਿਓ ਦੇ ਸ਼ਹਿਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਟਿਕਾਊ ਅਤੇ ਲਾਗਤ-ਪ੍ਰਭਾਵਸ਼ਾਲੀ ਤਰੀਕੇ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ਨਾਲ ਅੱਗੇ ਵਧ ਰਿਹਾ ਹੈ।
ਐਲਿੰਗਹੈਮ ਨੇ ਕਿਹਾ ਕਿ ਸਟੇਪਲਜ਼ ਕੈਨੇਡਾ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸਦੀਆਂ ਸਾਰੀਆਂ ਲੋਕੇਸ਼ਨਾਂ ਸੂਬੇ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ। ਸਾਰੀਆਂ ਸਰਵਿਸ ਓਨਟੇਰਿਓ ਲੋਕੇਸ਼ਨਾਂ ਜੋ ਬੰਦ ਹੋ ਰਹੀਆਂ ਹਨ, ਚੁਣੇ ਗਏ ਸਟੇਪਲਜ਼ ਕੈਨੇਡਾ ਸਟੋਰਾਂ ਵਿੱਚ ਖੋਲੀਆਂ ਜਾਣਗੀਆਂ ਅਤੇ ਸੇਵਾ ਨਿਰਵਿਘਨ ਰਹੇਗੀ।
ਬੰਦ ਹੋਣ ਵਾਲੇ ਸੈਂਟਰਾਂ ਦੇ ਮੁਲਾਜ਼ਮਾਂ ਨੂੰ ਸਟੇਪਲਜ਼ ਕੈਨੇਡਾ ਨਾਲ ਆਪਣਾ ਨੌਕਰੀ ਜਾਰੀ ਰੱਖਣ ਦੇ ਮੌਕੇ ਦਿੱਤੇ ਜਾਣਗੇ। ਗ੍ਰੀਨ ਪਾਰਟੀ ਲੀਡਰ ਮਾਈਕ ਸ਼੍ਰੀਨਰ ਨੇ ਫ਼ੋਰਡ ਸਰਕਾਰ ਦੇ ਇਸ ਫ਼ੈਸਲੇ ‘ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਚੁੱਪ ਚੁਪਿਤੇ ਨਿੱਜੀਕਰਨ ਦੇ ਏਜੰਡੇ ਨੂੰ ਵਧਾ ਰਹੀ ਹੈ।
(ਸੀਬੀਸੀ ਨਿਊਜ਼)