ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਪੁਲਿਸ ਦੁਆਰਾ ਕੀਤੇ ਗਏ ਕਾਰਜਕਾਰੀ ਫੈਸਲਿਆਂ ਵਿੱਚ ਸਿਆਸਤਦਾਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ ਅਤੇ ਇਸ ਲਈ ਉਹਨਾਂ ਕੋਲ ਰਿਬੈਲ ਨਿਊਜ਼ ਦੇ ਪੱਤਰਕਾਰ ਦੀ ਗ੍ਰਿਫਤਾਰੀ ਬਾਰੇ ਕਹਿਣ ਲਈ ਹੋਰ ਕੁਝ ਨਹੀਂ ਹੈ। ਔਨਲਾਈਨ ਨਿਊਜ਼, ਸਾਈਟ ਰਿਬੈਲ ਨਿਊਜ਼ ਦੇ ਪੱਤਰਕਾਰ ਡੇਵਿਡ ਮੈਨਜ਼ੀਜ਼ ਨੂੰ ਸੋਮਵਾਰ ਨੂੰ ਫ਼੍ਰੀਲੈਂਡ ਦੀ ਸੁਰੱਖਿਆ ਵਿਚ ਤੈਨਾਤ ਇੱਕ RCMP ਅਧਿਕਾਰੀ ਦੁਆਰਾ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਮੈਨਜ਼ੀਜ਼ ਇੱਕ ਸਮਾਗਮ ਤੋਂ ਬਾਅਦ ਫ਼੍ਰੀਲੈਂਡ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਮਾਗਮ ਓਨਟੇਰਿਓ ਦੇ ਰਿਚਮੰਡ ਹਿੱਲ ਵਿਚ ਆਯੋਜਿਤ ਸੀ।
ਰਿਬੈਲ ਨਿਊਜ਼ ਦੀ ਇੱਕ ਵੀਡੀਓ ਵਿੱਚ ਮੈਨਜ਼ੀਜ਼ ਨੂੰ ਦੱਸਿਆ ਜਾ ਰਿਹੈ ਕਿ ਉਸਨੂੰ ਹਮਲਾ ਕਰਨ ਲਈ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਸਨੇ ਇੱਕ ਪੁਲਿਸ ਅਧਿਕਾਰੀ ਨੂੰ ਧੱਕਾ ਦਿੱਤਾ ਹੈ। ਮੈਨਜ਼ੀਜ਼ ਜਵਾਬ ਵਿਚ ਕਹਿੰਦਾ ਹੈ ਕਿ ਦਰਅਸਲ ਉਹ ਅਧਿਕਾਰੀ ਖ਼ੁਦ ਉਸ ਵਿਚ ਆ ਕੇ ਵੱਜਿਆ ਸੀ। ਮੈਨਜ਼ੀਜ਼, ਜੋ ਪਹਿਲਾਂ ਕੰਜ਼ਰਵੇਟਿਵਜ਼ ਦੇ ਰਾਜਨੀਤਿਕ ਸਮਾਗਮਾਂ ਵਿੱਚ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ, ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸਦਾ ਮੰਨਣਾ ਹੈ ਕਿ ਉਸਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਲਿਬਰਲ ਉਸਦੇ ਆਉਟਲੈਟ ਜਾਂ ਉਸਦੇ ਸਵਾਲਾਂ ਨੂੰ ਪਸੰਦ ਨਹੀਂ ਕਰਦੇ।
ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਮੈਨਜ਼ੀਜ਼ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ ਅਤੇ ਇਸ ਘਟਨਾ ਵਿੱਚ ਸ਼ਾਮਲ ਹਰ ਵਿਅਕਤੀ ਦੀਆਂ ਕਾਰਵਾਈਆਂ ਦੀ ਜਾਂਚ ਕੀਤੀ ਜਾ ਰਹੀ ਹੈ।