ਬਹੁਤ ਸਾਰੇ ਕੈਨੇਡੀਅਨਜ਼ ਜਿਨ੍ਹਾਂ ਦੀ ਯਾਤਰਾ ਦੀਆਂ ਯੋਜਨਾਵਾਂ ਫ਼ਲਾਈਟ ਦੇਰੀ ਜਾਂ ਰੱਦ ਹੋਣ ਕਾਰਨ ਚੌਪਟ ਹੋ ਗਈਆਂ ਸਨ, ਉਹ ਮੁਆਵਜ਼ੇ ਲਈ ਜ਼ਿੰਮੇਵਾਰ ਫ਼ੈਡਰਲ ਏਜੰਸੀ ਦੁਆਰਾ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕੀਤੇ ਜਾਣ ਦੀ ਉਡੀਕ ਕਰਨ ਦੀ ਬਜਾਏ ਅਦਾਲਤਾਂ ਦਾ ਰੁਖ਼ ਰਹੇ ਹਨ। ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ (CTA) ਇੱਕ ਅਰਧ-ਨਿਆਂਇਕ ਅਦਾਰਾ ਹੈ ਜੋ ਏਅਰਲਾਈਨਾਂ ਅਤੇ ਗਾਹਕਾਂ ਦਰਮਿਆਨ ਵਿਵਾਦ ਦਾ ਨਿਪਟਾਰਾ ਕਰਨ ਲਈ ਜ਼ਿੰਮੇਵਾਰ ਹੈ। ਇਹਨਾਂ ਨਿਯਮਾਂ ਅਧੀਨ ਜੇ ਕਿਸੇ ਫ਼ਲਾਈਟ ਵਿਚ ਦੇਰੀ ਹੁੰਦੀ ਹੈ ਜਾਂ ਉਹ ਰੱਦ ਹੁੰਦੀ ਹੈ ਤਾਂ ਏਅਰਲਾਈਨ ਯਾਤਰੀਆਂ ਨੂੰ ਮੁਆਵਜ਼ਾ ਦੇਣ ਲਈ ਪਾਬੰਦ ਹੈ।
ਏਜੰਸੀ ਕਰੀਬ 30,000 ਸ਼ਿਕਾਇਤਾਂ ਦਾ ਬੈਕਲੌਗ ਨਿਪਟਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। ਕੁਝ ਸ਼ਿਕਾਇਤਾਂ ਨੂੰ ਨਿਪਟਾਉਣ ਲਈ 18 ਮਹੀਨਿਆਂ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ।ਸੀਟੀਏ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬੈਕਲੌਗ ਘਟਾਉਣ ਦੇ ਯਤਨ ਕੀਤੇ ਗਏ ਹਨ, ਜਿਸ ਵਿਚ ਇੱਕੋ ਏਅਰਲਾਈਨ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਇੱਕ ‘ਬੈਚ’ ਵਿਚ ਰੱਖ ਕੇ ਫ਼ੈਸਲਾ ਲੈਣਾ ਸ਼ਾਮਲ ਹੈ।
ਜਦੋਂ ਤੱਕ ਨਿਯਮ ਮਜ਼ਬੂਤ ਨਹੀਂ ਕੀਤੇ ਜਾਂਦੇ ਉਦੋਂ ਤੱਕ ਯਾਤਰੀ ਅਦਾਲਤ ਦਾ ਰੁਖ਼ ਇਖ਼ਤਿਆਰ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਅਦਾਲਤ ਵਿਚ ਇਹ ਸਾਬਤ ਕਰਨ ਦੀ ਜ਼ਿੰਮੇਵਾਰੀ ਯਾਤਰੀ ਦੀ ਹੁੰਦੀ ਹੈ ਕਿ ਏਅਰਲਾਈਨ ਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਹੈ, ਅਤੇ ਯਾਤਰੀ, ਫ਼ਲਾਈਟ ਵਿਚ ਦੇਰੀ ਜਾਂ ਰੱਦ ਹੋਣ ‘ਤੇ ਏਅਰਲਾਈਨ ਵੱਲੋਂ ਦਿੱਤੀ ਜਾਣਕਾਰੀ ‘ਤੇ ਹੀ ਨਿਰਭਰ ਹੁੰਦਾ ਹੈ।
ਕੈਨੇਡਾ ਵਿਚ ਹਵਾਈ ਯਾਤਰੀ ਅਧਿਕਾਰ ਨਿਯਮ, ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੁਲੇਸ਼ਨਜ਼ (APPR) ਦੀ ਉਲੰਘਣਾ ਦੀ ਸਥਿਤੀ ਵਿਚ ਸੀਟੀਏ ਕੋਲ ਏਅਰਲਾਈਨ ਨੂੰ 25,000 ਡਾਲਰ ਤੱਕ ਦਾ ਜੁਰਮਾਨਾ ਕਰਨ ਦਾ ਅਧਿਕਾਰ ਹੈ। ਪਰ ਏਜੰਸੀ ਨੇ ਦੱਸਿਆ ਕਿ 2019 ਵਿਚ ਇਹ ਨਿਯਮ ਲਾਗੂ ਹੋਣ ਤੋਂ ਬਾਅਦ ਸਿਰਫ਼ 25 ਜੁਰਮਾਨੇ ਕੀਤੇ ਗਏ ਹਨ।