ਟੋਰਾਂਟੋ ਦੇ ਨਾਥਨ ਫਿਲਿਪਸ ਸਕੁਏਅਰ ਵਿੱਚ ਐਤਵਾਰ ਨੂੰ ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਇੱਕ ਵੱਡੀ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100,000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਉਤਸਵ ਦੇ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਅਤੇ ਕਈ ਸੂਬਾਈ ਮੰਤਰੀਆਂ ਨੇ ਭਾਰਤੀ-ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੱਤੀ।
ਪਰੇਡ ਵਿੱਚ ਭਾਰਤੀ ਮੂਲ ਦੀ ਸੰਘੀ ਮੰਤਰੀ ਅਨੀਤਾ ਆਨੰਦ, ਜੋ ਕਿ ਟਰੂਡੋ ਦੀ ਕੈਬਨਿਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਅਤੇ ਓਨਟਾਰੀਓ ਅਸੈਂਬਲੀ ਦੇ ਮੈਂਬਰ ਦੀਪਕ ਆਨੰਦ ਵੀ ਸ਼ਾਮਲ ਸਨ। ਇਸ ਮੌਕੇ ਭਾਰਤੀ ਕੌਂਸਲ ਜਨਰਲ ਸਿਧਾਰਥ ਨਾਥ ਨੇ ਭਾਰਤੀ ਝੰਡਾ ਲਹਿਰਾਂ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ।
ਟੋਰਾਂਟੋ ਸ਼ਹਿਰ ਦੇ ਮੱਧ ਵਿੱਚ ਸਥਿਤ ਨਾਥਨ ਫਿਲਿਪਸ ਸਕੁਏਅਰ ਦੇ ਇਲਾਕੇ ਨੂੰ ਭਾਰਤ ਦੇ ਰੰਗ-ਰੰਗੀਲੇ ਸੱਭਿਆਚਾਰ ਨਾਲ ਸਜਾਇਆ ਗਿਆ ਸੀ। ਭਾਰਤ ਦੇ 20 ਵੱਖ-ਵੱਖ ਸੂਬਿਆਂ ਦੀਆਂ ਝਾਂਕੀਆਂ ਦਰਸਾਉਂਦੇ 10 ਵੱਡੇ ਟਰੱਕ ਟਰੇਲਰ ਪਰੇਡ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਰੰਗਾਰੰਗ ਦ੍ਰਿਸ਼ ਪੇਸ਼ ਕੀਤੇ।
ਪੈਨੋਰਮਾ ਇੰਡੀਆ, ਜੋ ਕਿ ਭਾਰਤੀ ਪਰਵਾਸੀ ਐਸੋਸੀਏਸ਼ਨਾਂ ਦੀ ਇਕਠੀ ਛੱਤਰ ਸੰਸਥਾ ਹੈ, ਦੇ ਮੁਖੀ ਵੈਦੇਹੀ ਰਾਉਤ ਨੇ ਦੱਸਿਆ ਕਿ ਪਰੇਡ ਵਿੱਚ 20 ਸੂਬਿਆਂ ਦੀ ਸੱਭਿਆਚਾਰਕ ਪ੍ਰਦਰਸ਼ਨੀ ਸ਼ਾਮਲ ਕੀਤੀ ਗਈ ਹੈ, ਅਤੇ ਹਰ ਟਰੱਕ ਨੇ ਦੋ ਸੂਬਿਆਂ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਕਿਹਾ ਕਿ ਇਸੇ ਨਾਲ ਸ਼ਹਿਰ ਵਿੱਚ ਟ੍ਰੈਫਿਕ ਜਾਮ ਨੂੰ ਵੀ ਕੰਟਰੋਲ ਕੀਤਾ ਗਿਆ।