ਓਨਟਾਰੀਓ ਵਿੱਚ ਪੈਲੇਟਿਵ ਕੇਅਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹੋਮ ਕੇਅਰ ਲਈ ਸਪਲਾਈ ਦੀ ਕਮੀ ਕਾਰਨ ਮਰੀਜ਼ਾਂ ਨੂੰ ਆਪਣੇ ਆਖਰੀ ਦਿਨਾਂ ਵਿੱਚ ਅਣਚਾਹੀ ਪੀੜਾ ਸਹਿਣੀ ਪੈਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਪੈਸ਼ਲ ਤੌਰ ‘ਤੇ ਚਾਹੀਦੇ ਉਪਕਰਣ ਜਿਵੇਂ ਕਿ ਦਰਦ ਦੇ ਪੰਪ, ਡ੍ਰੇਨੇਜ ਬੈਗ, ਸਿਰਿੰਜ, ਦਰਦ ਨਾਸ਼ਕ ਦਵਾਈਆਂ ਅਤੇ ਮੈਡੀਕਲ-ਅਸਿਸਟੇਡ-ਇਨ-ਡਾਇੰਗ (MAID) ਕਿੱਟ ਜਿਹੀਆਂ ਚੀਜ਼ਾਂ ਮੁਹੱਈਆ ਨਹੀਂ ਹੋ ਰਹੀਆਂ, ਜੋ ਕਿ ਮਰੀਜ਼ਾਂ ਨੂੰ ਘਰ ਵਿੱਚ ਸ਼ਾਂਤੀ ਅਤੇ ਸਨਮਾਨ ਨਾਲ ਆਖਰੀ ਸਫ਼ਰ ਤੈਅ ਕਰਨ ਲਈ ਲਾਜ਼ਮੀ ਹਨ।
ਟੋਰਾਂਟੋ ਦੇ ਘਰੇਲੂ ਪੈਲੇਟਿਵ ਕੇਅਰ ਡਾਕਟਰ, ਡਾ. ਹੈਲ ਬਰਮਨ ਨੇ ਦੱਸਿਆ ਕਿ ਕਈ ਕੇਸਾਂ ਵਿੱਚ ਇਨ੍ਹਾਂ ਸਪਲਾਈ ਦੀ ਉਪਲਬਧਤਾ ਹੀ ਇੱਕਲੌਤਾ ਕਾਰਨ ਹੁੰਦੀ ਹੈ ਜੋ ਮਰੀਜ਼ਾਂ ਨੂੰ ਆਪਣੇ ਘਰ ਵਿੱਚ ਰਹਿਣ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੇਹੱਦ ਅਫਸੋਸਜਨਕ ਹੈ ਕਿ ਸਿਰਫ਼ ਸਪਲਾਈਜ਼ ਦੀ ਕਮੀ ਕਾਰਨ ਲੋਕਾਂ ਨੂੰ ਹਸਪਤਾਲ ਜਾਂਣਾ ਪੈਂਦਾ ਹੈ।
ਪਿਛਲੇ ਮਹੀਨੇ ਤੋਂ ਹੋਮ ਕੇਅਰ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਭਾਲ ਕਰ ਰਹੇ ਲੋਕਾਂ ਨੂੰ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਪਲਾਈ ਦੇ ਆਰਡਰਾਂ ਵਿੱਚ ਦੇਰੀ ਹੋ ਰਹੀ ਹੈ ਜਾਂ ਸਪਲਾਈ ਪੂਰੀ ਨਹੀਂ ਆ ਰਹੀ। ਇਸ ਸਮੱਸਿਆ ਦੇ ਪਿਛੇ ਵਜ੍ਹਾ ਸਤੰਬਰ ਦੇ ਅਖੀਰ ਵਿੱਚ ਸਪਲਾਈ ਪ੍ਰਦਾਤਾ ਕੰਪਨੀਆਂ ਨਾਲ ਪ੍ਰਾਂਤ ਵੱਲੋਂ ਨਵੇਂ ਸਮਝੌਤੇ ਕਰਨ ਨੂੰ ਮੰਨੀ ਜਾ ਰਹੀ ਹੈ। ਪੁਰਾਣੇ ਸਿਸਟਮ ਵਿੱਚ ਇਲਾਕਾਈ ਸਪਲਾਇਰਾਂ ਨੂੰ ਸਪਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ, ਪਰ ਹੁਣ ਦੋ ਵੱਡੀਆਂ ਕੰਪਨੀਆਂ, ਕਾਰਡਿਨਲ ਹੈਲਥ ਅਤੇ ਓਨਟਾਰੀਓ ਮੈਡੀਕਲ ਸਪਲਾਈ ਨੂੰ ਸਪਲਾਈ ਪ੍ਰਕਿਆ ਵਿੱਚ ਜ਼ਿੰਮੇਵਾਰ ਬਣਾ ਦਿੱਤਾ ਗਿਆ ਹੈ।
ਇਸ ਨਵੇਂ ਸਿਸਟਮ ਦੀ ਜ਼ਿੰਮੇਵਾਰੀ ਓਨਟਾਰੀਓ ਹੈਲਥ ਐਟਹੋਮ ਨੂੰ ਦਿੱਤੀ ਗਈ ਹੈ, ਜਿਸਨੇ ਕਿਹਾ ਕਿ ਇਹ ਸਪਲਾਈ ਦੀ ਘਾਟ ਨਹੀਂ, ਬਲਕਿ ਸਿਰਫ਼ ਡਿਲਿਵਰੀ ਦੀ ਸਮੱਸਿਆ ਹੈ। ਪਰ ਡਾ. ਬਰਮਨ ਦਾ ਕਹਿਣਾ ਹੈ ਕਿ ਇਸ ਵਿਧੀ ਵਿੱਚ ਗਲਤੀਆਂ ਦੀ ਖੁਲ੍ਹੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਗਲੇ ਸਮੇਂ ਇਸ ਤਰ੍ਹਾਂ ਦੇ ਸੰਕਟ ਤੋਂ ਮਰੀਜ਼ਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਇੱਕ ਮਰੀਜ਼ ਨੂੰ ਦਰਦ ਘਟਾਉਣ ਵਾਲੀ ਦਵਾਈ ਚਾਹੀਦੀ ਸੀ, ਪਰ ਕਿੱਟ ਸਮੇਂ ‘ਤੇ ਨਾ ਪਹੁੰਚਣ ਕਾਰਨ ਮਰੀਜ਼ ਨੂੰ ਲੰਮੇ ਸਮੇਂ ਤੱਕ ਦਰਦ ਸਹਿਣਾ ਪਿਆ। ਇਸੇ ਤਰ੍ਹਾਂ, ਇਕ ਹੋਰ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿੱਲੀ ਸੀ ਪਰ ਦਰਦ ਦੇ ਪੰਪ ਦੀ ਕਮੀ ਕਾਰਨ ਉਸ ਨੂੰ ਫਿਰ ਹਸਪਤਾਲ ਵਾਪਸ ਜਾਣਾ ਪਿਆ।
ਡਾ. ਜੋਇਸ ਚਿਊਂਗ, ਜੋ ਓਨਟਾਰੀਓ ਮੈਡੀਕਲ ਐਸੋਸੀਏਸ਼ਨ ਦੇ ਪੈਲੇਟਿਵ ਮੈਡਿਸਿਨ ਸੈਕਸ਼ਨ ਦੀ ਚੇਅਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਪਲਾਈ ਦੀ ਘਾਟ ਦੇ ਮੁੱਦੇ ਵਿੱਚ ਸੂਬੇ ਦੇ ਹਰੇਕ ਇਲਾਕੇ ਤੋਂ ਸ਼ਿਕਾਇਤਾਂ ਆ ਰਹੀਆਂ ਹਨ। ਉਹ ਕਹਿੰਦੀ ਹਨ ਕਿ ਇਸ ਸਪਲਾਈ ਦੀ ਕਮੀ ਨਾਲ ਕਈ ਵਾਰ ਮਰੀਜ਼ਾਂ ਨੂੰ ਐਮਰਜੰਸੀ ਵਿਚ ਜਾਣਾ ਪੈਂਦਾ ਹੈ, ਜਿਥੇ ਉਹ ਰਹਿਣਾ ਨਹੀਂ ਚਾਹੁੰਦੇ।
ਇਹ ਸਮੱਸਿਆ ਹੁਣ ਓਨਟਾਰੀਓ ਵਿੱਚ ਘਰੇਲੂ ਪੈਲੇਟਿਵ ਕੇਅਰ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਨਾਲ ਮਰੀਜ਼ਾਂ ਨੂੰ ਘਰ ਵਿੱਚ ਹੀ ਸ਼ਾਂਤੀ ਅਤੇ ਸਨਮਾਨ ਨਾਲ ਸੇਵਾ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨਿਕ ਕਦਮਾਂ ਦੀ ਲੋੜ ਹੈ।