ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਜ਼ੋਰ ਸ਼ੋਰ ਨਾਲ ਜਾਰੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ, ਪਰ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਘਮਾਸਾਨ ਮੁਕਾਬਲਾ ਜਾਰੀ ਹੈ। ਚੋਣ ਪ੍ਰਕਿਰਿਆ ਦੇ ਦੌਰਾਨ ਇੱਕ ਵੱਡਾ ਘਟਨਾ ਅਮਰੀਕੀ ਕੈਪੀਟਲ ਬਿਲਡਿੰਗ ਦੇ ਨੇੜੇ ਟਲ ਗਈ।
ਕੈਪੀਟਲ ਪੁਲਿਸ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜੋ ਕੈਪੀਟਲ ਬਿਲਡਿੰਗ ਦੇ ਵਿਜ਼ਟਰ ਸੈਂਟਰ ਦੇ ਕੋਲ ਸ਼ੱਕੀ ਗਤੀਵਿਧੀਆਂ ਕਰ ਰਿਹਾ ਸੀ। ਉਸ ਵਿਅਕਤੀ ਕੋਲੋਂ ਇੱਕ ਫਲੇਅਰ ਗਨ ਅਤੇ ਟਾਰਚ ਬਰਾਮਦ ਹੋਈ। ਪੁਲਿਸ ਨੇ ਸਮੇਂ ਸਿਰ ਹਸਤਕਸ਼ੇਪ ਕਰਕੇ ਕਿਸੇ ਵੱਡੇ ਹਾਦਸੇ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ।
ਇਸ ਘਟਨਾ ਦੇ ਇਲਾਵਾ, ਐਫਬੀਆਈ ਨੇ ਕਿਹਾ ਹੈ ਕਿ ਵੱਖ-ਵੱਖ ਰਾਜਾਂ ਵਿੱਚ ਪੋਲਿੰਗ ਸਥਾਨਾਂ ‘ਤੇ ਬੰਬ ਦੀਆਂ ਨਕਲੀ ਧਮਕੀਆਂ ਦੇ ਕੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਧਮਕੀਆਂ ਰੂਸੀ ਡੋਮੇਨ ਤੋਂ ਈਮੇਲ ਰਾਹੀਂ ਦਿੱਤੀਆਂ ਗਈਆਂ ਸਨ। ਮਿਸ਼ੀਗਨ, ਜਾਰਜੀਆ, ਅਤੇ ਵਿਸਕਾਨਸਿਨ ਦੇ ਕਈ ਪੋਲਿੰਗ ਸਟੇਸ਼ਨਾਂ ਨੂੰ ਟਾਰਗਟ ਕਰਕੇ ਇਹ ਧਮਕੀਆਂ ਜਾਰੀ ਹੋਈਆਂ, ਪਰ ਸਰਕਾਰੀ ਅਧਿਕਾਰੀਆਂ ਨੇ ਇਹ ਸਾਰੀਆਂ ਧਮਕੀਆਂ ਝੂਠੀਆਂ ਸਾਬਤ ਕੀਤੀਆਂ ਅਤੇ ਵੋਟਿੰਗ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਵੋਟਿੰਗ ਦੇ ਦਿਨ, ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸਨੇਹੇ ਭੇਜੇ, ਜਿਨ੍ਹਾਂ ਵਿੱਚ ਉਨ੍ਹਾਂ ਇਸ ਦਿਨ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦਿਨ ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਵੋਟਰਾਂ ਵਿੱਚ ਉਤਸ਼ਾਹ ਸਿਖਰ ‘ਤੇ ਹੈ ਅਤੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਲਈ ਲੋਕ ਬੇਸਬਰੀ ਨਾਲ ਆਪਣੀ ਵੋਟ ਪਾਉਣ ਲਈ ਤਿਆਰ ਹਨ।
ਦੇਸ਼ ਭਰ ਵਿੱਚ ਲੋਕ ਵੋਟਿੰਗ ਸਥਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹਨ। ਐਤਵਾਰ ਤੱਕ, ਲਗਭਗ ਅੱਠ ਕਰੋੜ ਅਮਰੀਕੀ ਪਹਿਲਾਂ ਹੀ ਅਪਨੀ ਵੋਟਾਂ ਪਾ ਚੁੱਕੇ ਸਨ। ਸਾਬਕਾ ਰਾਸ਼ਟਰਪਤੀ ਟਰੰਪ ਨੇ ਫਲੋਰੀਡਾ ਦੇ ਵੈਸਟ ਪਾਮ ਬੀਚ ਵਿੱਚ ਆਪਣੀ ਵੋਟ ਪਾਈ, ਜਦੋਂ ਕਿ ਕਮਲਾ ਹੈਰਿਸ ਨੇ ‘ਮੇਲ-ਇਨ-ਬੈਲਟ’ ਰਾਹੀਂ ਆਪਣੀ ਵੋਟ ਪਾਈ। ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਪਿਛਲੇ ਹਫ਼ਤੇ ਡੇਲਾਵੇਅਰ ਵਿੱਚ ਆਪਣਾ ਵੋਟ ਦਾ ਅਧਿਕਾਰ ਵਰਤਿਆ।
ਇਹ ਚੋਣਾਂ ਨਾ ਸਿਰਫ਼ ਅਮਰੀਕਾ ਬਲਕਿ ਦੁਨੀਆ ਦੇ ਕਈ ਦੇਸ਼ਾਂ ਦੇ ਲਈ ਭਾਰੀ ਦਿਲਚਸਪੀ ਦਾ ਕੇਂਦਰ ਬਣੀਆਂ ਹੋਈਆਂ ਹਨ, ਜਿੱਥੇ ਲੋਕ ਨਵੇਂ ਅਮਰੀਕੀ ਪ੍ਰਬੰਧ ਦਾ ਇੰਤਜ਼ਾਰ ਕਰ ਰਹੇ ਹਨ।