ਯੂਕਰੇਨ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਰਨਾਲਾ ਦੇ ਨੌਜਵਾਨ ਚੰਦਨ ਜਿੰਦਲ ਦੀ ਯੂਕਰੇਨ ਵਿੱਚ ਮੌਤ ਹੋ ਗਈ। ਇਸ ਖਬਰ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਹੁਣ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ।
ਜ਼ਿਕਰਯੋਗ ਹੈ ਕਿ ਚੰਦਨ ਜਿੰਦਲ 2018 ‘ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਉੱਥੇ ਹੀ 2 ਫਰਵਰੀ ਨੂੰ ਉਨ੍ਹਾਂ ਨੂੰ ਅਚਾਨਕ ਦਿਲ ਅਤੇ ਦਿਮਾਗ ਦਾ ਦੌਰਾ ਪਿਆ ਅਤੇ 4 ਫਰਵਰੀ ਨੂੰ ਡਾਕਟਰਾਂ ਨੇ ਉਨ੍ਹਾਂ ਦਾ ਆਪਰੇਸ਼ਨ ਕੀਤਾ। ਅਪਰੇਸ਼ਨ ਤੋਂ ਕੁਝ ਦੇਰ ਬਾਅਦ ਹੀ ਉਹ ਕੋਮਾ ਵਿਚ ਚਲਾ ਗਿਆ ਅਤੇ ਅੱਜ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰ ਨੀਰਜ ਜਿੰਦਲ ਨੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਸਰਕਾਰ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਰਿਵਾਰਕ ਮੈਂਬਰਾਂ ਦੀ ਬੇਨਤੀ ‘ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮ੍ਰਿਤਕ ਚੰਦਨ ਜਿੰਦਲ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।