ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਦਿੱਲੀ ਪੁਲਿਸ ‘ਚ ਲਾਰੈਂਸ ਬਿਸ਼ਨੋਈ ਦੀ 5 ਦਿਨ ਦੀ ਹਿਰਾਸਤ ਅੱਜ ਖਤਮ ਹੋ ਗਈ, ਜਿਸ ਤੋਂ ਬਾਅਦ ਪੰਜਾਬ ਦੇ ਐਡਵੋਕੇਟ ਜਨਰਲ ਨੇ ਲਾਰੈਂਸ ਬਿਸ਼ਨੋਈ ਦੇ ਟਰਾਂਜ਼ਿਟ ਰਿਮਾਂਡ ਲਈ ਅਰਜ਼ੀ ਦਾਇਰ ਕੀਤੀ।
ਦਿੱਲੀ ਪੁਲਿਸ ਨੇ ਵੀ ਲਾਰੈਂਸ ਬਿਸ਼ਨੋਈ ਦੀ ਹਿਰਾਸਤ ਦੀ ਮੰਗ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਉਹ ਆਰਮਜ਼ ਐਕਟ ਮਾਮਲੇ ਵਿੱਚ ਪੁੱਛਗਿੱਛ ਕਰ ਰਹੇ ਹਨ। ਜਿਸ ਵਿੱਚ ਹੁਣ ਤੱਕ ਕੁੱਝ ਖਾਸ ਪਤਾ ਨਹੀਂ ਚੱਲ ਸਕਿਆ ਹੈ। ਇਸ ਲਈ ਇਸ ਦੀ ਕਸਟਡੀ ਹੋਰ ਵਧਾਈ ਜਾਵੇ।
ਦੂਜੇ ਪਾਸੇ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਿਸ ਵੱਲੋਂ ਟਰਾਂਜ਼ਿਟ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਬਿਸ਼ਨੋਈ ਦੀ ਪੰਜਾਬ ਵਿੱਚ ਜਾਨ ਨੂੰ ਖ਼ਤਰਾ ਹੈ, ਜੇਕਰ ਲਾਰੈਂਸ ਨੂੰ ਪੰਜਾਬ ਲਿਜਾਇਆ ਜਾਂਦਾ ਹੈ ਤਾਂ ਉਸ ਦਾ ਫੇਕ ਐਂਨਕਾਊਟਰ ਵੀ ਹੋ ਸਕਦਾ ਹੈ।
ਵਿਸ਼ਾਲ ਚੋਪੜਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਦਿੱਲੀ ਦੀ ਮਕੋਕਾ ਅਦਾਲਤ ਵਿੱਚ ਵੀ ਚੱਲ ਰਹੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਬਿਸ਼ਨੋਈ ਨੂੰ ਪੰਜਾਬ ਲਿਜਾਣ ‘ਤੇ ਲਗਾਈ ਰੋਕ ਦਾ ਹਵਾਲਾ ਦਿੰਦੇ ਹੋਏ ਟਰਾਂਜ਼ਿਟ ਰਿਮਾਂਡ ਦਾ ਵੀ ਵਿਰੋਧ ਕੀਤਾ ਹੈ।
ਵਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਪੁਲਿਸ ਲੋੜ ਪੈਣ ‘ਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪਰ ਉਸ ਨੂੰ ਦਿੱਲੀ ਤੋਂ ਬਾਹਰ ਨਹੀਂ ਲਿਜਾਣਾ ਚਾਹੀਦਾ।