ਲਗਭਗ 1200 ਸਾਲ ਵੱਖ-ਵੱਖ ਵਿਦੇਸ਼ੀ ਹਾਕਮਾਂ ਦਾ ਗ਼ੁਲਾਮ ਬਣੇ ਰਹੇ ਭਾਰਤ-ਵਰਸ਼ ਦੀ ਆਜ਼ਾਦੀ ਦੀ ‘ਸਦ’ ਪੰਜਾਬ ਦੀ ਧਰਤੀ ਤੋਂ ਹੀ ਉਠੀ ਸੀ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਦਰ੍ਹਵੀਂ ਸਦੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲੋਧੀ ਹਾਕਮਾਂ ਨੂੰ ‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਰਿ ਬੈਠੇ ਸੁਤੇ॥’ ਆਖ ਕੇ ਅਤੇ ਬਾਬਰ ਅਤੇ ਉਸ ਦੀਆਂ ਫ਼ੌਜਾਂ ਨੂੰ ‘ਪਾਪ ਕੀ ਜੰਞ’ ਕਹਿ ਕੇ ਫ਼ਿਟਕਾਰਨਾ ਉਸ ਘੋਰ ਹਨੇਰਗਰਦੀ ਦੇ ਯੁੱਗ ‘ਚ ਇਕ ਬਗ਼ਾਵਤ ਦਾ ਹੋਕਾ ਸੀ। ਪ੍ਰਸਿੱਧ ਸ਼ਾਇਰ ਇਕਬਾਲ ਨੇ ਇਸ ਹਕੀਕੀ ਸੱਚ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ:
ਫ਼ਿਰ ਉਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ।
ਮੁਗ਼ਲਾਂ ਮਗਰੋਂ ਭਾਰਤ ਦੀ ਆਜ਼ਾਦੀ ਖੋਹਣ ਵਾਲੇ ਦੁਨੀਆ ਦੇ ਸਭ ਤੋਂ ਵੱਧ ਸ਼ਾਤਰ ‘ਅੰਗਰੇਜ਼’ ਸਨ। ਦੇਸ਼ ਦੀ ਆਬਾਦੀ ਦਾ ਮਹਿਜ਼ ਡੇਢ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਵਲੋਂ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਾ ਬੇਮਿਸਾਲ ਇਤਿਹਾਸ ਰਚਿਆ ਗਿਆ। ਅੰਗਰੇਜ਼ ਸਰਕਾਰ ਦੇ ਖ਼ੁਫ਼ੀਆ ਰਿਕਾਰਡ ਅਨੁਸਾਰ ਹੀ 1907 ਤੋਂ 1917 ਤੱਕ ਹਿੰਦੁਸਤਾਨ ਵਿਚ ਫ਼ਾਂਸੀ ‘ਤੇ ਚਾੜ੍ਹੇ ਗਏ ਕੁੱਲ 47 ਸ਼ਹੀਦਾਂ ਵਿਚੋਂ 38 ਸਿੱਖ ਸਨ। ਉਮਰ ਕੈਦ ਵਾਲੇ 30 ਘੁਲਾਟੀਆਂ ਵਿਚੋਂ 27 ਸਿੱਖ ਸਨ। ਉਮਰ ਕੈਦ ਤੇ ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨ ਵਾਲੇ ਕੁੱਲ 38 ਵਿਚੋਂ 31 ਸਿੱਖ ਸਨ। ਕਾਲੇ ਪਾਣੀ ਕੁੱਲ 29 ਸੂਰਮਿਆਂ ਨੂੰ ਭੇਜਿਆ ਗਿਆ, ਉਨ੍ਹਾਂ ਵਿਚੋਂ 26 ਸਿੱਖ ਸਨ। ਸਖ਼ਤ ਸਜ਼ਾਵਾਂ ਕੁੱਲ 47 ਨੂੰ ਹੋਈਆਂ ਤੇ ਉਨ੍ਹਾਂ ਵਿਚੋਂ ਵੀ 38 ਸਿੱਖ ਸਨ।
ਵਿਸਥਾਰਿਤ ਅੰਕੜੇ ਦੇਖੇ ਜਾਣ ਤਾਂ ਦੇਸ਼ ਦੇ ਆਜ਼ਾਦ ਹੋਣ ਤੱਕ ਅੰਗਰੇਜ਼ ਹਕੂਮਤ ਵਿਰੁੱਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫ਼ਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਵਿਚੋਂ 93 ਸਿੱਖ ਸਨ। ਉਮਰ ਕੈਦ ਕੱਟਣ ਵਾਲੇ 2646 ਘੁਲਾਟੀਆਂ ਵਿਚੋਂ 2147 ਸਿੱਖ ਸਨ। ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੇ 1300 ਸ਼ਹੀਦਾਂ ਵਿਚੋਂ 799 ਸਿੱਖ ਸਨ। ਬਜਬਜ-ਘਾਟ ਦੇ ਸਾਕੇ ਵਿਚ ਸ਼ਹੀਦ ਹੋਣ ਵਾਲੇ 113 ਵਿਚੋਂ 67 ਸਿੱਖ, ਕੂਕਾ ਲਹਿਰ ਦੌਰਾਨ 91 ਦੇ 91 ਅਤੇ ਅਕਾਲੀ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ 500 ਸਿੱਖ ਹੀ ਸਨ। ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਮੌਲਾਨਾ ਆਜ਼ਾਦ ਨੇ ਵੀ ਕੀਤੀ ਸੀ। ਜੇਕਰ ਭਾਰਤ ਦੀ ਆਜ਼ਾਦੀ ਵਿਚ ਸਮੂਹ ਪੰਜਾਬੀਆਂ ਦੀ ਦੇਣ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 90 ਫ਼ੀਸਦੀ ਦੇ ਲਗਭਗ ਬਣ ਜਾਂਦਾ ਹੈ।
ਜਦੋਂ ਅੰਗਰੇਜ਼ਾਂ ਨੇ ਹਾਲੇ ਪੰਜਾਬ ਵਿਚ ਆਪਣੇ ਪੈਰ ਵੀ ਪੂਰੀ ਤਰ੍ਹਾਂ ਨਹੀਂ ਜਮਾਏ ਸਨ ਕਿ ਨੌਰੰਗਾਬਾਦ ਦੇ ਬਾਬਾ ਮਹਾਰਾਜ ਸਿੰਘ ਨੇ 1847 ਵਿਚ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ। ਹਕੂਮਤ ਨੇ ਉਨ੍ਹਾਂ ਨੂੰ ਫੜ ਕੇ ਸਿੰਘਾਪੁਰ ਜੇਲ੍ਹ ਭੇਜ ਦਿੱਤਾ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਸਰਦਾਰ ਅਤਰ ਸਿੰਘ ਅਟਾਰੀ ਵਾਲੇ ਨੇ ਆਜ਼ਾਦੀ ਦਾ ਬਿਗ਼ੁਲ ਵਜਾਇਆ ਪਰ ਕੋਈ ਵਾਹ ਨਾ ਚੱਲੀ। ਅੰਤ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਸਮੇਤ ਪੂਰੇ ਭਾਰਤ ਨੂੰ ਆਪਣੇ ਰਾਜ-ਭਾਗ ‘ਚ ਮਿਲਾ ਲਿਆ।
ਬਰਤਾਨਵੀ ਸਾਮਰਾਜ ਵਿਰੁੱਧ ਸਭ ਤੋਂ ਪਹਿਲਾ ਸ਼ਾਂਤਮਈ ਅੰਦੋਲਨ ਪੰਜਾਬ ਤੋਂ ਹੀ 1869 ਵਿਚ ਬਾਬਾ ਰਾਮ ਸਿੰਘ ਜੀ ਨਾਮਧਾਰੀ ਨੇ ਆਰੰਭ ਕੀਤਾ। ਬਾਬਾ ਰਾਮ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ ‘ਨਾ-ਮਿਲਵਰਤਨ’ ਲਹਿਰ ਤੋਂ ਅੱਧੀ ਸਦੀ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ, ਅੰਗਰੇਜ਼ੀ ਲਿਬਾਸ, ਫ਼ਿਰੰਗੀ ਹਕੂਮਤ ਦੀਆਂ ਨੌਕਰੀਆਂ, ਅਦਾਲਤਾਂ, ਡਾਕਖਾਨੇ ਅਤੇ ਰੇਲ ਗੱਡੀਆਂ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ। ਅੰਗਰੇਜ਼ਾਂ ਵਲੋਂ ਜਨਵਰੀ 1872 ਵਿਚ 66 ਨਾਮਧਾਰੀ ਸੂਰਬੀਰਾਂ ਨੂੰ ਮਲੇਰਕੋਟਲੇ ਵਿਚ ਤੋਪਾਂ ਨਾਲ ਉਡਾ ਦਿੱਤਾ ਗਿਆ। ਹਕੂਮਤ ਨੇ ਬਾਬਾ ਰਾਮ ਸਿੰਘ ਜੀ ਤੇ ਉਨ੍ਹਾਂ ਦੇ 12 ਸਾਥੀਆਂ ਨੂੰ ਦੇਸ਼ ਨਿਕਾਲਾ ਦਿੰਦਿਆਂ ਬਰਮਾ ਭੇਜ ਦਿੱਤਾ।
ਸੰਨ 1907 ਵਿਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ, ਸਰਦਾਰ ਅਜੀਤ ਸਿੰਘ ਨੇ ‘ਪਗੜੀ ਸੰਭਾਲ ਜੱਟਾ’ ਦਾ ਹੋਕਾ ਦੇ ਕੇ ਆਜ਼ਾਦੀ ਦੇ ਆਸ਼ਕਾਂ ਨੂੰ ਹਲੂਣਿਆ। ਪੰਜਾਬੀ ਨੌਜਵਾਨ ਮਦਨ ਲਾਲ ਢੀਂਗਰਾ ਨੇ ਬਰਤਾਨਵੀ ਰਾਜ ਪ੍ਰਤੀ ਵਿਰੋਧ ਜ਼ਾਹਰ ਕਰਦਿਆਂ ਅੰਗਰੇਜ਼ ਅਫ਼ਸਰ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਨਾਲ ਉਡਾਉਣ ਤੋਂ ਬਾਅਦ 16 ਅਗਸਤ 1909 ਨੂੰ ਸ਼ਹੀਦੀ ਪਾਈ। 1913 ‘ਚ ਉੱਤਰੀ ਅਮਰੀਕਾ ਦੇ ਪੱਛਮੀ ਤੱਟ ‘ਤੇ ਰਹਿਣ ਵਾਲੇ ਕੁਝ ਸਿੱਖਾਂ ਨੇ ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਦੇ ਸਹਿਯੋਗ ਨਾਲ ‘ਗ਼ਦਰ ਪਾਰਟੀ’ ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨੂੰ ਬਣਾਇਆ ਗਿਆ।
ਕਾਮਾਗਾਟਾਮਾਰੂ ਜਹਾਜ਼ ਦੇ ਕੁੱਲ 376 ਯਾਤਰੂਆਂ ਵਿਚੋਂ 340 ਸਿੱਖ ਸਨ ਅਤੇ ਸ਼ਹੀਦ ਹੋਣ ਵਾਲੇ ਸਾਰੇ ਹੀ ਸਿੱਖ ਸਨ। ਇਸ ਘਟਨਾ ਨੇ ਹੋਰ ਦੇਸ਼ਾਂ ਵਿਚਲੇ ਭਾਰਤੀਆਂ ਅੰਦਰ ਵੀ ਫ਼ਿਰੰਗੀ ਹਕੂਮਤ ਵਿਰੁੱਧ ਬਗ਼ਾਵਤ ਦੀ ਚਿੰਗਾਰੀ ਬਾਲ ਦਿੱਤੀ।
ਅਮਰੀਕਾ ਵਿਚ ‘ਗ਼ਦਰ ਲਹਿਰ’ ਨੂੰ ਪ੍ਰਚੰਡ ਕਰਨ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਭਾਰਤੀ ਫ਼ੌਜੀਆਂ ਦੇ ਦਿਲਾਂ ‘ਚ ਵੀ ਆਜ਼ਾਦੀ ਦੀ ਚਿਣਗ਼ ਲਾਉਣ ਲਈ ਯਤਨ ਆਰੰਭੇ। ਆਜ਼ਾਦੀ ਦੇ ਪਰਵਾਨਿਆਂ ਨੇ ਮਿਲ ਕੇ 19 ਫ਼ਰਵਰੀ 1915 ਨੂੰ ਅੱਡ-ਅੱਡ ਛਾਉਣੀਆਂ ਵਿਚ ਹਿੰਦੁਸਤਾਨੀ ਫ਼ੌਜਾਂ ਤੋਂ ਬਗ਼ਾਵਤ ਕਰਵਾ ਕੇ ਰਾਜ ਪਲਟਾ ਕਰਨ ਦੀ ਵਿਉਂਤ ਬਣਾਈ ਪਰ ਸਰਕਾਰ ਕੋਲ ਕਿਸੇ ਮੁਖ਼ਬਰ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਤੇ ਇਹ ਵਿਉਂਤ ਸਿਰੇ ਨਾ ਚੜ੍ਹ ਸਕੀ।
16 ਨਵੰਬਰ 1915 ਨੂੰ ਸਰਦਾਰ ਸਰਾਭੇ ਨੂੰ ਛੇ ਹੋਰ ਸਿੱਖ ਸਾਥੀਆਂ ਸਮੇਤ ਫ਼ਾਂਸੀ ਦੇ ਤਖ਼ਤੇ ‘ਤੇ ਲਟਕਾ ਦਿੱਤਾ ਗਿਆ। ਫ਼ਿਰੋਜ਼ਪੁਰ ਛਾਉਣੀ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ‘ਚ ਭਾਈ ਰਣਧੀਰ ਸਿੰਘ ਜੀ ਨੂੰ ਵੀ ਗ੍ਰਿਫ਼ਤਾਰ ਕਰਕੇ ਉਮਰ ਕੈਦ ਸੁਣਾਈ ਗਈ ਅਤੇ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਕੀਤੇ ਗਏ।
ਸੰਨ 1918 ‘ਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ ਦੇ ਸ਼ਾਂਤਮਈ ਅੰਦੋਲਨ ਦਾ ਆਰੰਭ ਵੀ 1919 ਦੀ ਵਿਸਾਖੀ ‘ਤੇ ਜੱਲ੍ਹਿਆਂਵਾਲੇ ਬਾਗ਼ ਵਿਖੇ ਤੇ ਫ਼ਿਰ 8 ਅਗਸਤ 1922 ਨੂੰ ਨਿਰੋਲ ਅਕਾਲੀ ਝੰਡੇ ਹੇਠਾਂ ‘ਗੁਰੂ ਕੇ ਬਾਗ਼’ ਦੇ ਮੋਰਚੇ ਵਿਚ ਸਿੱਖਾਂ ਨੇ ਹੀ ਕੀਤਾ। ਗੁਰੂ ਕੇ ਬਾਗ਼ ਦੇ ਮੋਰਚੇ ਬਾਰੇ ਪੰਡਤ ਮਦਨ ਮੋਹਨ ਮਾਲਵੀਆ ਨੇ ਆਖਿਆ ਸੀ, ‘ਗੁਰੂ ਕੇ ਬਾਗ ਵਿਚੋਂ ਹੀ ਦੇਸ਼ ਦੀ ਆਜ਼ਾਦੀ ਦੀ ਲਹਿਰ ਉਠੀ ਹੈ ਅਤੇ ਹੁਣ ਇਸੇ ਨੇ ਹੀ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ।’
ਮਹਾਤਮਾ ਗਾਂਧੀ ਦੀ ‘ਨਾ-ਮਿਲਵਰਤਨ’ ਲਹਿਰ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਰੁੜਕੀ ਪਿੰਡ ਹੀ ਦੇਸ਼ ਦਾ ਇਕੋ-ਇਕ ਅਜਿਹਾ ਪਿੰਡ ਸੀ, ਜਿਥੇ ਲੋਕਾਂ ਨੇ ਤਾਂ ਨੰਬਰਦਾਰੀਆਂ ਤੱਕ ਤਿਆਗ਼ ਦਿੱਤੀਆਂ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਭਾਵੇਂ ਸਿੱਖਾਂ ਨੇ ‘ਗੁਰਦੁਆਰਾ ਸੁਧਾਰ ਲਹਿਰ’ ਰਾਹੀਂ ਅੰਗਰੇਜ਼ਾਂ ਦੇ ਪਿੱਠੂ ਭ੍ਰਿਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਪਰ ਇਸ ਸੰਘਰਸ਼ ਦੀ ਅੰਤਰ-ਭਾਵਨਾ ਵੀ ਦੇਸ਼ ਦੀ ਆਜ਼ਾਦੀ ਨਾਲ ਜੁੜੀ ਹੋਈ ਸੀ। ‘ਚਾਬੀਆਂ ਦੇ ਮੋਰਚੇ’ ਦੀ ਜਿੱਤ ਨੂੰ ਜਨਵਰੀ 1922 ਵਿਚ ਮਹਾਤਮਾ ਗਾਂਧੀ ਨੇ ‘ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਕਰਾਰ ਦਿੱਤਾ ਸੀ।
20 ਫਰਵਰੀ 1921 ਨੂੰ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਨੇ ਤਾਂ ਦੇਸ਼ ਭਰ ਨੂੰ ਜਗਾ ਦਿੱਤਾ। ਜੈਤੋਂ ਦੇ ਮੋਰਚੇ ਦੌਰਾਨ ਸਿੱਖਾਂ ਵਿਚ ਕੁਰਬਾਨ ਹੋਣ ਦੀ ਭਾਵਨਾ ਨੂੰ ਦੇਖ ਕੇ ਜਵਾਹਰ ਲਾਲ ਨਹਿਰੂ ਨੇ ਆ ਕੇ ਖੁਦ ਗ੍ਰਿਫ਼ਤਾਰੀ ਦਿੱਤੀ। ਗੁਰਦੁਆਰਾ ਸੁਧਾਰ ਲਹਿਰ ਦੌਰਾਨ 500 ਸਿੱਖ ਸ਼ਹੀਦ ਹੋਏ ਅਤੇ 30 ਹਜ਼ਾਰ ਜੇਲ੍ਹਾਂ ਵਿਚ ਡੱਕੇ ਗਏ। ਇਸ ਦੌਰਾਨ 10 ਲੱਖ ਰੁਪਏ ਸਿੱਖਾਂ ਨੇ ਜ਼ੁਰਮਾਨਾ ਭਰਿਆ।
1922 ਵਿਚ ‘ਬੱਬਰ ਅਕਾਲੀ ਲਹਿਰ’ ਦਾ ਮੁੱਢ ਬੰਨ੍ਹ ਕੇ ਬੱਬਰਾਂ ਨੇ ਬਰਤਾਨਵੀ ਸਾਮਰਾਜ ਨੂੰ ਕਾਂਬਾ ਛੇੜ ਦਿੱਤਾ। ਕਾਲੋਨੀ ਐਕਟ ਵਿਰੁੱਧ ਬਾਰ ਤਹਿਰੀਕ ਵਿਚ ਸ਼ਹੀਦ ਹੋਣ ਵਾਲੇ, ਉਮਰ ਕੈਦ ਦੀਆਂ ਸਜ਼ਾਵਾਂ ਭੋਗਣ ਵਾਲੇ ਤੇ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵਿਚ ਕਸ਼ਟ ਭੋਗਣ ਵਾਲੇ ਸਾਰੇ ਹੀ ਸਿੱਖ ਸਨ। ‘ਸਾਈਮਨ ਕਮਿਸ਼ਨ’ ਦੀ ਆਮਦ ਦੇ ਵਿਰੋਧ ‘ਚ 30 ਅਕਤੂਬਰ 1928 ਦੇ ਦਿਨ, ਲਾਹੌਰ ਰੇਲਵੇ ਸਟੇਸ਼ਨ ‘ਤੇ ਤਕਰੀਬਨ 7000 ਦੇ ਹਜੂਮ ਨੇ ‘ਸਾਈਮਨ ਕਮਿਸ਼ਨ ਗੋਅ ਬੈਕ’ ਦੇ ਨਾਹਰਿਆਂ ਨਾਲ ਅਸਮਾਨ ਗੂੰਜਾ ਦਿੱਤਾ। ਮੁਜ਼ਾਹਰਾਕਾਰੀਆਂ ਵਿਚ ਬਹੁਤਾਤ ਪੰਜਾਬੀਆਂ ਦੀ ਸੀ। ਅੰਗਰੇਜ਼ ਸਰਕਾਰ ਵਲੋਂ ਕੀਤੇ ਅੰਨ੍ਹੇ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਜ਼ਖ਼ਮੀ ਹੋਣ ਤੋਂ ਬਾਅਦ 17 ਨਵੰਬਰ 1928 ਨੂੰ ਅਕਾਲ ਚਲਾਣਾ ਕਰ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ‘ਚ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ‘ਚ ‘ਹਿੰਦੁਸਤਾਨ ਸਮਾਜਵਾਦੀ ਗਣਤੰਤਰ ਸੈਨਾ’ ਕਾਇਮ ਕੀਤੀ ਗਈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਆਜ਼ਾਦੀ ਖ਼ਾਤਰ ਹੋਈ ਸ਼ਹਾਦਤ ਨੇ ਦੇਸ਼ ਵਿਚ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਕਰ ਦਿੱਤੀ।
ਆਜ਼ਾਦ ਹਿੰਦ ਫ਼ੌਜ ਨੂੰ ਕਾਇਮ ਕਰਨ ਵਾਲਾ ਜਨਰਲ ਮੋਹਨ ਸਿੰਘ ਸੀ ਅਤੇ ਇਸ ਫ਼ੌਜ ਵਿਚ ਸ਼ਾਮਲ 42 ਹਜ਼ਾਰ ਫ਼ੌਜੀਆਂ ਵਿਚੋਂ 28 ਹਜ਼ਾਰ ਸਿੱਖ ਸਨ। ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਸਰਦਾਰ ਊਧਮ ਸਿੰਘ ਨੇ ਪੂਰੇ 21 ਸਾਲ ਬਾਅਦ ਲੰਡਨ ਵਿਚ ਜਾ ਕੇ ਜਨਰਲ ਓਡਵਾਇਰ ਨੂੰ ਸੋਧਾ ਲਗਾ ਕੇ ਲਿਆ। ਸੰਨ 1942 ਵਿਚ ਕਾਂਗਰਸ ਦੇ ਸੱਦੇ ‘ਤੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ਸਰਕਾਰ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਵਿਚ ਤਿੰਨ-ਚੌਥਾਈ ਗਿਣਤੀ ਸਿੱਖਾਂ ਦੀ ਸੀ। ਭਾਰਤ ਦੀ ਆਜ਼ਾਦੀ ਦਾ ਕੋਈ ਵੀ ਅਜਿਹਾ ਮੁਹਾਜ ਨਹੀਂ ਸੀ, ਜਿਸ ‘ਤੇ ਪੰਜਾਬ, ਖ਼ਾਸ ਕਰ ਸਿੱਖ ਕੌਮ ਨੇ ਆਬਾਦੀ ਦੇ ਅਨੁਪਾਤ ਨਾਲ ਦੇਸ਼ ਦੀਆਂ ਬਾਕੀ ਕੌਮਾਂ ਨਾਲੋਂ ਸਭ ਤੋਂ ਅੱਗੇ ਹੋ ਕੇ ਹਿੱਸਾ ਨਾ ਪਾਇਆ ਹੋਵੇ। ਆਜ਼ਾਦ ਹੋਣ ‘ਤੇ ਭਾਰਤ-ਪਾਕਿ ਵੰਡ ਦਾ ਸਭ ਤੋਂ ਵੱਧ ਸੰਤਾਪ ਵੀ ਪੰਜਾਬ ਤੇ ਸਿੱਖਾਂ ਨੂੰ ਹੀ ਭੋਗਣਾ ਪਿਆ। ਸਮਕਾਲੀ ਪ੍ਰਸਿੱਧ ਅਖ਼ਬਾਰ ‘ਸਟੇਟਸਮੈਨ’ ਦੇ 3 ਜਨਵਰੀ 1948 ਦੇ ਅੰਕ ਵਿਚ ਉਸ ਦਾ ਸੰਪਾਦਕ ਲਿਖਦਾ ਹੈ, ‘ਸੁਤੰਤਰਤਾ ਸੰਗਰਾਮ ਦੌਰਾਨ ਇਸ ਮਹਾਂਦੀਪ ਵਿਚ ਸਭ ਤੋਂ ਵੱਧ ਮੁਸੀਬਤਾਂ ਦਾ ਸ਼ਿਕਾਰ ਸਿੱਖ ਕੌਮ ਨੂੰ ਹੋਣਾ ਪਿਆ। ਇਸ ਨੂੰ ਆਪਣੀਆਂ ਲਹਿਰਾਉਂਦੀਆਂ ਅਤੇ ਉਪਜਾਊ ਖੇਤੀਆਂ ਨੂੰ ਛੱਡ ਕੇ ਬੰਜਰ ਜ਼ਮੀਨਾਂ ‘ਤੇ ਆਉਣਾ ਪਿਆ। ਜੋ ਹਰੀਆਂ-ਭਰੀਆਂ ਬਾਰਾਂ ਸਿੱਖ ਕਿਸਾਨਾਂ ਨੇ ਆਪਣੇ ਲਹੂ-ਪਸੀਨੇ ਨਾਲ ਵਸਾਈਆਂ ਸਨ, ਉਨ੍ਹਾਂ ਨੂੰ ਛੱਡ ਕੇ ਆਉਣ ਤੋਂ ਇਲਾਵਾ ਦਿਹਾਤੀ ਅਤੇ ਸ਼ਹਿਰੀ ਇਲਾਕੇ ਵਿਚ ਵੀ ਆਪਣੇ ਕੀਮਤੀ ਸਰਮਾਏ ਦੀ ਆਹੂਤੀ ਦੇਣੀ ਪਈ। ਇਸ ਤੋਂ ਇਲਾਵਾ ਕਈ ਪਰਮ-ਪਵਿੱਤਰ ਗੁਰਧਾਮ ਵੀ ਸੀਮਾ ਦੇ ਉਸ ਪਾਰ ਰਹਿ ਗਏ।’
~ਤਲਵਿੰਦਰ ਸਿੰਘ