ਭੋਜਨ ਮਹਿੰਗਾਈ ਬਾਰੇ ਪਿਛਲੇ ਹਫ਼ਤੇ ਆਈ ਇੱਕ ਰਿਪੋਰਟ ਵਿਚ, ਉੱਚੀਆਂ ਕੀਮਤਾਂ ਨੂੰ ਉਪਭੋਗਤਾਵਾਂ ਲਈ ਸੀਮਤ ਵਿਕਲਪਾਂ ਨਾਲ ਜੋੜਦਿਆਂ, ਮੁਲਕ ਦੇ ਕੰਪਟੀਸ਼ਨ ਬਿਊਰੋ ਨੇ ਗ੍ਰੋਸਰੀ ਸੈਕਟਰ ਵਿਚ ਵਧੇਰੇ ਮੁਕਾਬਲੇਬਾਜ਼ੀ ਦੀ ਮੰਗ ਕੀਤੀ ਹੈ। ਇਹ ਸਭ ਕਈ ਸੈਕਟਰਾਂ ਦੀ ਪੜਤਾਲ ‘ਤੇ ਅਧਾਰਤ ਹੈ ਅਤੇ ਹੁਣ ਟੈਲੀਕੌਮ ਦੀ ਇਸ ਤਾਜ਼ਾ ਮਿਸਾਲ ਨੇ ਮੁਕਾਬਲੇਬਾਜ਼ੀ ਬਾਬਤ ਚਿੰਤਾਵਾਂ ਅਤੇ ਚਰਚਾਵਾਂ ਨੂੰ ਗਰਮਾ ਦਿੱਤਾ ਹੈ।
ਕੈਨੇਡੀਅਨ ਅਰਥਚਾਰੇ ਦੇ ਵੱਖ ਵੱਖ ਸੈਕਟਰਾਂ ਵਿਚ ਕੰਪਟੀਸ਼ਨ ਯਾਨੀ ਮੁਕਾਬਲੇਬਾਜ਼ੀ ਦਾ ਮੁੱਦਾ ਫ਼ੈਡਰਲ ਰਾਜਨੀਤੀ ਵਿਚ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਕੈਨੇਡਾ ਦੇ ਦੋ ਸਭ ਤੋਂ ਵੱਡੇ ਅਖ਼ਬਾਰ ਸਮੂਹਾਂ, ਪੋਸਟਮੀਡੀਆ ਅਤੇ ਟੋਰੌਂਟੋ ਸਟਾਰ ਨੇ ਹਾਲ ਹੀ ਵਿਚ ਸੰਭਾਵੀ ਰਲੇ਼ਵੇਂ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਸੀਮਤ ਅਦਾਰਿਆਂ ਵਾਲੇ ਮੀਡੀਆ ਉਦਯੋਗ ਵਿਚ ਹੋਰ ਏਕੀਕਰਨ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਫ਼ੈਡਰਲ ਸਰਕਾਰ ਕੰਪਟੀਸ਼ਨ ਕਾਨੂੰਨ ਦੀ ਸਮੀਖਿਆ ਕਰ ਰਹੀ ਹੈ। ਕੰਪਟੀਸ਼ਨ ਬਿਊਰੋ ਦੇ ਮੁਖੀ ਨੇ ਹਾਲ ਹੀ ਵਿਚ ਕਿਹਾ ਕਿ ਪੜਤਾਲ ਕਾਰਵਾਈ ਦੀ ਗੁੰਜਾਇਸ਼ ਦਾ ਇੱਕ ਮੌਕਾ ਪ੍ਰਦਾਨ ਕਰ ਰਹੀ ਹੈ। ਕੰਪਟੀਸ਼ਨ ਕਮਿਸ਼ਨਰ ਮੈਥਿਊ ਬੌਸਵੈਕ ਨੇ ਔਟਵਾ ਵਿਚ ਪਿਛਲੇ ਹਫ਼ਤੇ ਇੱਕ ਭਾਸ਼ਣ ਵਿਚ ਕਿਹਾ ਸੀ ਕਿ ਮੁਕਾਬਲੇਬਾਜ਼ੀ ਦੇ ਮੁੱਦੇ ਮੁਲਕ ਭਰ ਵਿਚ ਸੁਰਖ਼ੀਆਂ ਵਿਚ ਹਨ। ਉਨ੍ਹਾਂ ਕਿਹਾ ਕਿ ਜਿਸ ਵੇਲੇ ਕੈਨੇਡੀਅਨਜ਼ ਵਧਦੀ ਮਹਿੰਗਾਈ ਨਾਲ ਜੂ੍ਝ ਰਹੇ ਹਨ, ਅਜਿਹੇ ਵਿਚ ਕੰਪਟੀਸ਼ਨ ਨੀਤੀ ਆਮ ਘਰੇਲੂ ਗੱਲਬਾਤ ਦਾ ਵਿਸ਼ਾ ਬਣਦੀ ਜਾ ਰਹੀ ਹੈ।
ਗ੍ਰੋਸਰੀ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਦੇ ਨਾਲ ਨਾਲ ਗ੍ਰੋਸਰੀ ਕਾਰੋਬਾਰ ਦੇ ਮੁਨਾਫ਼ੇ ਵਿਚ ਆਈ ਤੇਜ਼ੀ ਬਾਰੇ ਕੁਝ ਲੋਕਾਂ ਨੇ ਦਲੀਲ ਦਿੱਤੀ ਸੀ ਕਿ ਗ੍ਰੋਸਰੀ ਕੰਪਨੀਆਂ ਮਹਿੰਗਾਈ ਤੋਂ ਮੁਨਾਫ਼ਾ ਕਮਾ ਰਹੀਆਂ ਸਨ। ਪਿਛਲੇ ਹਫ਼ਤੇ ਆਈ ਕੰਪਟੀਸ਼ਨ ਬਿਊਰੋ ਦੀ ਰਿਪੋਰਟ ਨੇ ਪਾਇਆ ਕਿ ਪਿਛਲੇ ਪੰਜ ਸਾਲਾਂ ਵਿਚ ਗ੍ਰੋਸਰੀ ਕਾਰੋਬਾਰਾਂ ਦੇ ਮੁਨਾਫ਼ਿਆਂ ਦੇ ਮਾਰਜਿਨ ਵਿਚ ਮਾਮੂਲੀ ਪਰ ਅਰਥਪੂਰਨ ਵਾਧਾ ਹੋਇਆ ਹੈ, ਪਰ ਇਹ ਰੁਝਾਨ ਉੱਚ ਮਹਿੰਗਾਈ ਹੋਣ ਦੇ ਪਹਿਲਾਂ ਤੋਂ ਮੌਜੂਦ ਸੀ।
ਰਿਪੋਰਟ ਅਨੁਸਾਰ ਭਾਵੇਂ ਮੁਨਾਫ਼ੇ ਦੇ ਮਾਰਜਿਨ ਨੂੰ ਮਾਮੂਲੀ ਤੌਰ ‘ਤੇ ਵਧਾਇਆ ਗਿਆ ਹੈ, ਪਰ ਗ੍ਰੋਸਰੀ ਕੰਪਨੀਆਂ ਦੇ ਮਾਰਜਿਨਾਂ ਨੂੰ ਵਧਾਉਣ ਦੇ ਯੋਗ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਉਦਯੋਗ ਵਿਚ ਵਧੇਰੇ ਮੁਕਾਬਲੇਬਾਜ਼ੀ ਦੀ ਗੁੰਜਾਇਸ਼ ਹੈ। ਫ਼ੈਡਰਲ ਸਰਕਾਰ ਨੇ ਪਿਛਲੇ ਫ਼ੌਲ ਦੌਰਾਨ ਕੰਪਟੀਸ਼ਨ ਐਕਟ ਦੀ ਸਮੀਖਿਆ ਸ਼ੁਰੂ ਕੀਤੀ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਤਬਦੀਲੀਆਂ ਬਾਰੇ ਜਨਤਕ ਸਲਾਹ-ਮਸ਼ਵਰੇ ਨੂੰ ਮੁਕੰਮਲ ਕੀਤਾ ਸੀ। ਇਸ ਸਮੀਖਿਆ ਦੇ ਨਤੀਜੇ ਨੇੜਲੇ ਭਵਿੱਖ ਵਿੱਚ ਜਾਰੀ ਕੀਤੇ ਜਾਣਗੇ।