ਓਟਵਾ – ਬਹੁਤੀਆਂ ਫੂਡ ਪੈਕੇਜਿੰਗ ਉੱਤੇ ਲਿਖੀ ਬੈਸਟ ਬਿਫੋਰ ਤਰੀਕ ਨੂੰ ਹਟਾਉਣ ਲਈ ਨਵੇਂ ਸਿਰੇ ਤੋਂ ਜ਼ੋਰ ਲਾਇਆ ਜਾ ਰਿਹਾ ਹੈ। ਕਈਆਂ ਦਾ ਤਰਕ ਹੈ ਕਿ ਇਸ ਤਰ੍ਹਾਂ ਦੇ ਸੰਕੇਤਾਂ ਨੂੰ ਹਟਾਉਣ ਨਾਲ ਖਾਣਾ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਯੂਰਪ ਵਿੱਚ ਕਈ ਗ੍ਰੌਸਰਜ਼ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ, ਪਰ ਸਵਾਲ ਇਹ ਹੈ ਕਿ ਕੀ ਕੈਨੇਡਾ ਵਿੱਚ ਇਸ ਨੂੰ ਸਵੀਕਾਰ ਕੀਤਾ ਜਾਵੇਗਾ? ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਬਹੁਤੇ ਕੈਨੇਡੀਅਨ ਅਜਿਹਾ ਕਰਨ ਦੇ ਖਿਲਾਫ ਹਨ, ਫਿਰ ਭਾਵੇਂ ਇਸ ਨਾਲ ਖਾਣੇ ਦੀ ਬਰਬਾਦੀ ਘਟਦੀ ਹੋਵੇ।
ਡਲਹਾਊਜ਼ੀ ਯੂਨੀਵਰਸਿਟੀ ਵਿਖੇ ਐਗਰੀ ਫੂਡ ਐਨਾਲਿਟਿਕਸ ਲੈਬ ਵੱਲੋਂ ਕਰਵਾਏ ਸਰਵੇਖਣ ਅਨੁਸਾਰ 62 ਫੀਸਦੀ ਕੈਨੇਡੀਅਨ ਬੈਸਟ ਬਿਫੋਰ ਤਰੀਕਾਂ ਨੂੰ ਹਟਾਉਣ ਦੇ ਖਿਲਾਫ ਹਨ ਤੇ ਦੋ ਤਿਹਾਈ ਦਾ ਕਹਿਣਾ ਹੈ ਕਿ ਉਹ ਤਾਂ ਇਸ ਦੇ ਬਿਲਕੁਲ ਉਲਟ ਹਨ। ਹੋਰਨਾਂ 11 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪੱਕਾ ਨਹੀਂ ਪਤਾ ਕਿ ਉਹ ਇਸ ਦੇ ਖਿਲਾਫ ਹਨ ਜਾਂ ਪੱਖ ਵਿੱਚ ਜਦਕਿ 27 ਫੀਸਦੀ ਦਾ ਕਹਿਣਾ ਹੈ ਕਿ ਉਹ ਅਜਿਹਾ ਕਰਨ ਦੇ ਹੱਕ ਵਿੱਚ ਹਨ।