ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਬੇਕਾਬੂ ਹੁੰਦੀ ਜਾ ਰਹੀ ਹੈ। ਟੋਰਾਂਟੋ, ਓਟਾਵਾ, ਨਿਊਯਾਰਕ ਅਤੇ ਹੋਰ ਸ਼ਹਿਰ ਇਸ ਦੀ ਚਪੇਟ ਵਿੱਚ ਆਏ ਹਨ। ਅੱਗ ਦਾ ਧੂੰਆਂ ਕਿਉਬਿਕ ਵੱਲੋਂ ਆ ਰਿਹਾ ਹੈ। ਅੱਗ ਨੂੰ ਕਾਬੂ ਕਰਨ ਲਈ ਜਹਾਜ਼ ਉਸ ‘ਤੇ ਕੈਮੀਕਲ ਤੱਕ ਦਾ ਛਿੜਕਾਅ ਕਰ ਰਹੇ ਹਨ, ਪਰ ਇਹ ਉਪਾਅ ਨਾਕਾਫੀ ਸਾਬਤ ਹੋ ਰਹੇ ਹਨ। ਇਹ ਨਵੇਂ ਰਿਕਾਰਡ ਅਨੁਸਾਰ, ਹੁਣ ਤੱਕ 47 ਲੱਖ ਹੇਕਟੇਅਰ ਖੇਤਰ ਦਾ ਜੰਗਲ ਸੜ ਚੁੱਕਾ ਹੈ। 1983 ਵਿੱਚ ਰਿਕਾਰਡ ਦਰਜ ਕਰਨਾ ਸ਼ੁਰੂ ਕਰਨ ਤੋਂ ਬਾਅਦ ਇਹ ਸਭ ਤੋਂ ਵੱਡੀ ਘਟਨਾ ਹੈ।
ਕੈਨੇਡਾ ਦੇ ਜੰਗਲਾਂ ਦੀ ਅੱਗ ਦਾ ਇਹ ਧੂੰਆਂ ਉੱਤਰੀ ਯੂਰਪੀ ਦੇਸ਼ ਨਾਰਵੇ ਤੱਕ ਪਹੁੰਚ ਗਿਆ ਹੈ। ਜੰਗਲ ਦੀ ਅੱਗ ਹੁਣ ਤੱਕ ਕੈਨੇਡਾ ਵਿਚ ਲਗਭਗ 47 ਲੱਖ ਹੇਕਟੇਅਰ ਖੇਤਰ ਨਸ਼ਟ ਕਰ ਦਿੱਤਾ ਹੈ। ਅੱਗ ਨੇ ਕੈਨੇਡਾ ਦੇ ਨਾਲ-ਨਾਲ ਅਮਰੀਕਾ ਦੇ ਕਈ ਹਿੱਸਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸੀ.ਐੱਨ.ਐੱਨ. ਨੇ ਨਾਰਵੇ ਵਿਚ ਕਲਾਈਮੇਟ ਐਂਡ ਐਨਵਾਇਰਮੈਂਟ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਕੈਨੇਡਾ ਤੋਂ ਗ੍ਰੀਨਲੈਂਡ, ਆਈਸਲੈਂਡ ’ਚ ਧੂੰਏ ਦੇ ਗੁਬਾਰ ਫੈਲ ਗਏ ਅਤੇ ਨਾਰਵੇ ਵਿਚ ਆਪਣਾ ਰਸਤਾ ਬਣਾ ਲਿਆ।
ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਇਹ ਧੂੰਆਂ ਪੂਰੇ ਯੂਰਪ ’ਚ ਫੈਲਣ ਦੀ ਸੰਭਾਵਨਾ ਹੈ। ਵਿਗਿਆਨੀ ਨੇ ਦੱਸਿਆ ਕਿ ਕੈਨੇਡਾ ਵਿਚ ਜੰਗਲ ਦੀ ਅੱਗ ਤੋਂ ਨਿਕਲਣ ਵਾਲਾ ਧੂੰਆਂ ਉਚਾਈ ‘ਤੇ ਪਾਇਆ ਜਾਂਦਾ ਹੈ ਅਤੇ ਇਹ ਵਾਯੂ ਮੰਡਲ ਵਿਚ ਲੰਬੇ ਸਮੇਂ ਤੱਕ ਰਹਿੰਦਾ ਹੈ। ਇਸ ਦੌਰਾਨ ਕੈਨੇਡੀਅਨ ਅਧਿਕਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ 10 ਨਵੇਂ ਸਥਾਨਾਂ ’ਤੇ ਅੱਗ ਦੀ ਰਿਪੋਰਟ ਦਿੱਤੀ, ਜਿਸ ਨਾਲ ਕੁੱਲ ਗਿਣਤੀ 2,405 ਹੋ ਗਈ। ਸ਼ੁੱਕਰਵਾਰ ਨੂੰ 234 ’ਚੋਂ 89 ਥਾਵਾਂ ’ਤੇ ਅੱਗ ’ਤੇ ਕਾਬੂ ਪਾਇਆ ਗਿਆ।