ਥੌਂਪਸਨ ਦੇ ਵਕੀਲ ਕੈਲਵਿਨ ਬੈਰੀ ਵੱਲੋਂ ਪੁਸ਼ਟੀ ਕੀਤੀ ਗਈ ਕਿ ਸਕਾਰਬਰੋ ਸੈਂਟਰ ਸਿਟੀ ਕਾਊਂਸਲਰ ਮਾਈਕਲ ਥੌਂਪਸਨ ‘ਤੇ ਜਿਨਸੀ ਸ਼ੋਸ਼ਣ ਦੇ ਦੋ ਮਾਮਲਿਆਂ ਦੇ ਦੋਸ਼ ਲੱਗੇ ਹਨ । ਇਹ ਮਾਮਲੇ ਇਸ ਸਾਲ ਕਥਿਤ ਤੌਰ ਉੱਤੇ ਬ੍ਰੇਸਬ੍ਰਿੱਜ ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਹਨ। ਬੈਰੀ ਨੇ ਆਖਿਆ ਕਿ ਥੌਂਪਸਨ ਵੱਲੋਂ ਇਨ੍ਹਾਂ ਬੇਸਿਰਪੈਰ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਸ਼ ਲਾਉਣ ਵਾਲੀਆਂ ਦੋ ਬਾਲਗ ਮਹਿਲਾਵਾਂ ਹਨ। ਬੈਰੀ ਨੇ ਦੱਸਿਆ ਕਿ ਥੌਂਪਸਨ ਕਾਗਜ਼ੀ ਕਾਰਵਾਈ ਕਰਨ ਲਈ ਟੋਰਾਂਟੋ ਵਿੱਚ ਥੋੜ੍ਹੀ ਦੇਰ ਲਈ ਡਾਊਨਜ਼ਵਿਊ ਓਪੀਪੀ ਅਟੈਚਮੈਂਟ ਪਹੁੰਚੇ ਸਨ ਪਰ ਉਹ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਣਗੇ ਤੇ ਉਨ੍ਹਾਂ ਦੀ ਥਾਂ ਉਹ ਆਪ ਪੇਸ਼ ਹੋਣਗੇ।
ਇਸ ਮਾਮਲੇ ਦੇ ਸਬੰਧ ਵਿੱਚ ਥੌਂਪਸਨ ਨੂੰ ਪਹਿਲੀ ਨਵੰਬਰ ਨੂੰ ਬ੍ਰੇਸਬ੍ਰਿਜ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹੈ। ਥੌਂਪਸਨ ਲੰਮੇਂ ਸਮੇਂ ਤੋਂ ਟੋਰਾਂਟੋ ਵਿੱਚ ਸਿਆਸਤਦਾਨ ਹਨ ਤੇ ਉਹ ਕਈ ਕਮੇਟੀਆਂ ਤੇ ਬੋਰਡਜ਼ ਦਾ ਕੰਮਕਾਜ ਵੇਖਦੇ ਹਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕਰਨਗੇ ਕਿਉਂਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪਰ ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਜਿੰਨਾ ਚਿਰ ਥੌਂਪਸਨ ਇਨ੍ਹਾਂ ਚਾਰਜਿਜ਼ ਨਾਲ ਲੜਦੇ ਹਨ ਓਨਾ ਚਿਰ ਉਹ ਡਿਪਟੀ ਮੇਅਰ ਜਾਂ ਕਿਸੇ ਕਾਊਂਸਲ ਕਮੇਟੀ ਦੇ ਚੇਅਰ ਨਹੀਂ ਹੋਣਗੇ।