ਕੈਨੇਡਾ ਸਰਕਾਰ ਨੇ ਕੈਨੇਡਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।। ਭਾਰਤ ਵਿੱਚ ਮੌਜੂਦ ਕੈਨੇਡੀਅਨ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨਾਂ ਸਰਦੀਆਂ ਵਿੱਚ ਕੈਨੇਡਾ ਜਾ ਰਹੇ ਭਾਰਤੀ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਇੱਕ ਬਾਰਡਰ ਸਰਵਿਸਜ਼ ਅਫ਼ਸਰ ਵੱਲੋਂ ਸਮੀਖਿਆ ਕੀਤੀ ਜਾਵੇਗੀ। ਅਫ਼ਸਰ ਵਲੋਂ ਇਹ ਚੈੱਕ ਕੀਤਾ ਜਾਵੇਗਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਦੀ DLI ਨੇ ਆਉਣ ਦੀ ਮਨਜ਼ੂਰੀ ਦਿੱਤੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਉਦੋਂ ਹੀ ਕੰਮ ਕਰਨ ਦੀ ਇਜਾਜ਼ਤ ਮਿਲੇਗੀ, ਜਦੋਂ ਉਨ੍ਹਾਂ ਦੀ ਪੜ੍ਹਾਈ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਇਹ ਉੱਥੇ ਕੰਮ ਨਹੀਂ ਕਰ ਸਕਦੇ।
ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਸਟੱਡੀ ਪਰਮਿਟ ‘ਤੇ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਤਹਿਤ ਕੰਮ ਕਰਨ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਜਿਵੇਂ ਕਿ ਉਹ ਕਿਸੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਭਾਵ ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਸ਼ਨ ਵਿੱਚ ਫੁੱਲ ਟਾਈਮ ਸਟੂਡੈਂਟ ਹੋਣੇ ਚਾਹੀਦੇ ਹਨ। ਉਸ ਵਿਦਿਆਰਥੀ ਨੇ ਪੋਸਟ ਸੈਕੰਡਰੀ ਅਕੈਡਮਿਕ, ਵਕੇਸ਼ਨਲ ਜਾਂ ਪ੍ਰੋਫੈਸ਼ਨਲ ਟਰੇਨਿੰਗ ਪ੍ਰੋਗਰਾਮ ‘ਚ ਦਾਖ਼ਲਾ ਲਿਆ ਹੋਵੇ। ਇਹ ਸਹੂਲਤ ਲੈਣ ਲਈ ਇਕੱਲੇ ਕਿਊਬਿਕ ਸੂਬੇ ‘ਚ ਸੈਕੰਡਰੀ ਲੈਵਲ ਦੇ ਵੋਕਸ਼ਨਲ ਟਰੇਨਿੰਗ ਪ੍ਰੋਗਰਾਮ ਵਿੱਚ ਦਾਖ਼ਲੇ ਦੀ ਵੀ ਆਗਿਆ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕੌਮਾਂਤਰੀ ਵਿਦਿਆਰਥੀ ਦਾ ਸਟੱਡੀ ਪ੍ਰੋਗਰਾਮ ਭਾਵ ਉਸ ਦਾ ਡਿਪਲੋਮਾ ਜਾਂ ਡਿਗਰੀ 6 ਮਹੀਨੇ ਤੋਂ ਵੱਧ ਸਮੇਂ ਦੇ ਹੋਣੇ ਚਾਹੀਦੇ ਹਨ। ਪੜ੍ਹਾਈ ਸ਼ੁਰੂ ਹੁੰਦਿਆਂ ਹੀ ਵਿਦਿਆਰਥੀ ਆਪਣਾ ਕੈਨੇਡਾ ਸਰਕਾਰ ਵੱਲੋਂ ਦਿੱਤਾ ਜਾਂਦਾ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਹਾਸਲ ਕਰੇ 9 ਅੰਕਾਂ ਦਾ ਇਹ ਨੰਬਰ ਕੈਨੇਡਾ ਵਿੱਚ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ।
ਜੇਕਰ ਕਿਸੇ ਵਿਦਿਆਰਥੀ ਦੇ ਸਟੱਡੀ ਪਰਮਿਟ ‘ਚ ਕੰਮ ਦੀਆਂ ਸ਼ਰਤਾਂ ਦਰਜ ਨਹੀਂ ਹਨ ਅਤੇ ਉਹ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਯੋਗ ਹੈ ਤਾਂ ਉਹ ਇਹ ਸ਼ਰਤਾਂ ਜੋੜਨ ਦੀ ਮੰਗ ਕਰ ਸਕਦਾ ਹੈ। ਸਟੱਡੀ ਪਰਮਿਟ ਵਿੱਚ ਇਨ੍ਹਾਂ ਸ਼ਰਤਾਂ ਜੋੜਨ ਲਈ ਕੋਈ ਫੀਸ ਵਗੈਰਾ ਵੀ ਨਹੀਂ ਲੱਗੇਗੀ। ਸਰਵਿਸ ਕੈਨੇਡਾ ਕੋਲ SIN ਭਾਵ ਸੋਸ਼ਲ ਇੰਸ਼ੋਰੈਂਸ ਨੰਬਰ ਅਪਲਾਈ ਕਰਨ ਤੋਂ ਪਹਿਲਾਂ ਵਿਦਿਆਰਥੀ ਨੂੰ ਆਪਣੇ ਸਟੱਡੀ ਪਰਮਿਟ ਵਿੱਚ ਸੋਧ ਕਰਵਾਉਣੀ ਪਵੇਗੀ।