ਕੈਨੇਡਾ ਤੋਂ ਭਾਰਤ ਦਾ ਸਫ਼ਰ ਹੁਣ ਹੋਰ ਮਹਿੰਗਾ ਹੋ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਪੀਅਰਸਨ ਹਵਾਈ ਅੱਡੇ ਨੇ ਯੂਜ਼ਰ ਫ਼ੀਸ ਵਧਾਉਣ ਦਾ ਐਲਾਨ ਕਰ ਦਿੱਤਾ ਹੈ ‘ਤੇ ਹੁਣ ਇਸ ਤੋਂ ਬਾਅਦ ਹੋਰ ਹਵਾਈ ਅੱਡਿਆਂ ਵੱਲੋਂ ਵੀ ਫੀਸ ਵਧਾਈ ਜਾ ਸਕਦੀ ਹੈ। ਏਅਰ ਪੈਸੰਜਰ ਰਾਈਟਸ ਦੇ ਬਾਨੀ ਅਤੇ ਪ੍ਰਧਾਨ ਗੈਬਰ ਲੁਕੋਕਸ ਨੇ ਇਸ ਸਬੰਧ ਕਿਹਾ ਕਿ ਹਵਾਈ ਅੱਡਿਆਂ ‘ਤੇ ਲੰਮੀਆ ਕਤਾਰਾਂ ਅਤੇ ਲਗੇਜ਼ ਗੁੰਮ ਹੋਣ ਵਰਗੀਆਂ ਮੁਸ਼ਕਲਾਂ ਤੋਂ ਨਿਜਾਤ ਨਹੀਂ ਮਿਲੀ ਕਿ ਨਵਾਂ ਫੁਰਮਾਨ ਸੁਣਾ ਦਿੱਤਾ ਗਿਆ ਹੈ। ਹਵਾਈ ਅੱਡਾ ਪ੍ਰਬੰਧਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਏਅਰਪੋਰਟ ਇੰਪਰੂਵਮੈਂਟ ਫੀਸ ਵਿੱਚ ਵਾਧਾ ਸਿਰਫ਼ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਹੋਰ ਕਈ ਰਾਹ ਨਾਂ ਬਚਿਆ ਹੋਵੇ।
ਪੀਅਰਸਨ ਕੌਮਾਂਤਰੀ ਹਵਾਈ ਅੱਡੇ ਰਾਹੀਂ ਰਵਾਨਾ ਹੋਣ ਵਾਲੇ ਮੁਸਾਫ਼ਰਾਂ ਨੂੰ 1 ਜਨਵਰੀ ਤੋਂ 30 ਡਾਲਰ ਦੀ ਬਜਾਏ 35 ਡਾਲਰ ਅਦਾ ਕਰਨੇ ਹੋਣਗੇ, ਜਦਕਿ ਕਨੈਕਟਿੰਗ ਪੈਸੇਂਜਰਾਂ ਨੂੰ 6 ਡਾਲਰ ਦੀ ਬਜਾਏ 7 ਡਾਲਰ ਅਦਾ ਕਰਨੇ ਹੋਣਗੇ। 2019 ਵਿੱਚ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਰਾਹੀਂ ਰਵਾਨਾ ਹੋਣ ਵਾਲੇ ਮੁਸਾਫ਼ਰਾਂ ਨੂੰ ਬਤੌਰ ਯੂਜ਼ਰ ਫੀਸ 25 ਡਾਲਰ ਦੇਣੇ ਪੈਂਦੇ ਸਨ ਜਦਕਿ ਕਨੈਕਟਿੰਗ ਫੀਸ ਵਜੋਂ 4 ਡਾਲਰ ਦੀ ਅਦਾਇਗੀ ਕੀਤੀ ਜਾਂਦੀ ਸੀ। ਇਸ ਵੇਲੇ ਵੈਨਕੂਵਰ ਹਵਾਈ ਅੱਡੇ ‘ਤੇ ਪ੍ਰਤੀ ਮੁਸਾਫ਼ਰ 25 ਡਾਲਰ ਅਤੇ ਮੌਂਟਰੀਅਲ, ਕੈਲਗਰੀ ਤੇ ਓਟਵਾ ਹਵਾਈ ਅੱਡੇ ‘ਤੇ 35 ਡਾਲਰ ਵਸੂਲ ਕੀਤੇ ਜਾ ਰਹੇ ਹਨ। ਵਿਨੀਪੈਗ ਦੀ ਗੱਲ ਕਰੀਏ ਤਾਂ ਹਰ ਮੁਸਾਫ਼ਰ ਨੂੰ 38 ਡਾਲਰ ਫੀਸ ਅਦਾ ਕਰਨੀ ਪੈਂਦੀ ਹੈ।
ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਐਰਨੋਟਿਕਸ ਦਰਾਂ ਹਵਾਈ ਜਹਾਜ਼ ਦੇ ਵਜ਼ਨ ਮੁਤਾਬਕ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਪਹਿਲੀ ਜਨਵਰੀ ਤੋਂ ਬੋਇੰਗ 737 ਮੈਕਸ ਜਹਾਜ਼ ਦੀ ਲੈਡਿੰਗ ਫ਼ੀਸ 4,877 ਡਾਲਰ ਤੋਂ ਵਧਾ ਕੇ 5,072 ਡਾਲਰ ਕਰ ਦਿੱਤੀ ਗਈ ਹੈ। ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਦੇ ਬੁਲਾਰੇ ਰਯਾਨ ਵਾਈਟ ਨੇ ਕਿਹਾ ਕਿ 2020 ਵਿੱਚ ਫ਼ੀਸ ਵਧਾਏ ਜਾਣ ਤੋਂ ਪਹਿਲਾਂ ਇੱਕ ਦਹਾਕੇ ਤੱਕ ਕੋਈ ਵਾਧਾ ਨਹੀਂ ਸੀ ਕੀਤਾ ਗਿਆ। ਫ਼ੀਸ ਵਾਧੇ ਨੂੰ ਜ਼ਰੂਰੀ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਵਾਈ ਅੱਡੇ ਦੇ ਰੱਖ ਰਖਾਅ ਅਤੇ ਸਟਾਫ਼ ਦਾ ਵਧਦਾ ਖਰਚਾ ਬਰਦਾਸ਼ਤ ਕਰਨ ਵਿਚ ਮਦਦ ਮਿਲੇਗੀ।