ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਜਦੋਂ ਗੱਲ ਚਲਦੀ ਹੈ ਤਾਂ ਜਿੱਥੇ ਉਨ੍ਹਾਂ ਦੇ ਸਮਰਥਨ ‘ਚ ਵੱਡੀ ਗਿਣਤੀ ‘ਚ ਨੌਜਵਾਨ ਆ ਖੜ੍ਹਦੇ ਹਨ ਤਾਂ ਉੱਥੇ ਹੀ ਉਨ੍ਹਾਂ ਖਿਲਾਫ ਬੋਲਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਕਦੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਜਾਂਚ ਦੀ ਗੱਲ ਚਲਦੀ ਹੈ ਤਾਂ ਕਦੀ ਉਨ੍ਹਾਂ ਨੂੰ ਏਜੰਸੀਆਂ ਦਾ ਬੰਦਾ ਗਰਦਾਨਿਆਂ ਜਾਂਦਾ ਹੈ। ਇਸ ਦੇ ਚਲਦਿਆਂ ਹੁਣ ਇਨ੍ਹਾਂ ਸਾਰੇ ਮਸਲਿਆਂ ‘ਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖੁੱਲ੍ਹ ਕੇ ਬਿਆਨ ਜਾਰੀ ਕੀਤਾ ਗਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੇ ਖਿਲਾਫ ਜਾਂਚ ਕਰਵਾਉਣੀ ਚਾਹੁੰਦੀ ਹੈ ਤਾਂ ਇਸ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਕਰਵਾਉਣ ਵਾਲਿਆਂ, ਮੌੜ ਬੰਬ ਬਲਾਸਟ ਵਾਲਿਆਂ ਖਿਲਾਫ ਵੀ ਜਾਂਚ ਦੀ ਮੰਗ ਕੀਤੀ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੀ ਜਾਂਚ ਕਰਵਾਉਣ ਤੋਂ ਸਰਕਾਰ ਕਿਉਂ ਭੱਜ ਰਹੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਖਿਲਾਫ ਏਜੰਸੀਆਂ ਦਾ ਪਲਾਂਟੜ ਬੰਦਾ ਹੋਣ ਦੇ ਲੱਗ ਰਹੇ ਦੋਸ਼ਾਂ ‘ਤੇ ਵੀ ਅੰਮ੍ਰਿਤਪਾਲ ਸਿੰਘ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਏਜੰਸੀਆਂ ਦੇ ਬੰਦੇ ਸਿੱਖ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਉਹ ਸਿੱਖੀ ਸਿਧਾਂਤਾਂ ਦੀ ਗੱਲ ਨਹੀਂ ਕਰਦੇ।
ਇਸ ਮੌਕੇ ਬਾਦਲਾਂ ਖਿਲਾਫ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਬੰਦੀ ਸਿੰਘ ਲਈ ਬਾਦਲਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਚੰਗੀ ਗੱਲ ਵੀ ਹੈ ਅਤੇ ਹਰ ਸਿੱਖ ਦਾ ਫਰਜ ਵੀ ਹੈ। ਪਰ ਅਜਿਹਾ ਕਰਨ ਨਾਲ ਕਦੀ ਵੀ ਬਾਦਲਾਂ ਦੇ ਹਿੱਸੇ ਸੱਤਾ ਨਹੀਂ ਆ ਸਕਦੀ।