ਮਿਸੀਸਾਗਾ ‘ਚ ਇਮੀਗ੍ਰੇਸ਼ਨ ਵਾਰੰਟਾਂ ‘ਤੇ ਲੋੜੀਂਦੇ 34 ਸਾਲ ਦੇ ਪਰਵੀਰ ਸਿੰਘ ਨੂੰ ਪੀਲ ਰੀਜਨਲ ਪੁਲਿਸ ਨੇ ਚੋਰੀ ਦੀ ਗੱਡੀ ਸਣੇ ਕਾਬੂ ਕਰ ਲਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ ਮੈਥੇਸਨ ਬੁਲੇਵਾਰਡ ਅਤੇ ਔਰਬੀਟਰ ਡਰਾਈਵ ਇੰਟਰਸੈਕਸ਼ਨ ‘ਤੇ ਪਾਰਕਿੰਗ ਵਿਚ ਮੌਜੂਦ ਇੱਕ ਗੱਡੀ ’ਤੇ ਸ਼ੱਕ ਹੋਇਆ। ਗੱਡੀ ਦੀ ਡਰਾਈਵਰ ਸੀਟ ਤੇ ਇੱਕ ਵਿਅਕਤੀ ਨਜ਼ਰ ਆਇਆ ਜੋ ਸੌਂ ਰਿਹਾ ਸੀ। ਇਸੇ ਦੌਰਾਨ ਹੋਰ ਪੁਲਿਸ ਅਫਸਰ ਮੌਕੇ ‘ਤੇ ਸੱਦੇ ਗਏ ਅਤੇ ਗੱਡੀਆਂ ਨਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਨੀਂਦ ਵਿਚੋਂ ਜਾਗਣ ’ਤੇ ਆਲੇ-ਦੁਆਲੇ ਪੁਲਿਸ ਦੇਖ ਕੇ ਸ਼ੱਕੀ ਨੇ ਉਥੋਂ ਫਰਾਰ ਹੋਣ ਦਾ ਯਤਨ ਕੀਤਾ ਅਤੇ ਚੋਰੀ ਕੀਤੀ ਗੱਡੀ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਲੱਗਾ ਪਰ ਕੋਈ ਵਾਹ ਨਾਲ ਚੱਲੀ।
ਪਰਵੀਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਉਲੰਘਣਾ ਕਰਨ ਸਣੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਮਿਸਚਫ ਦੇ ਦੋਸ਼ ਆਇਦ ਕੀਤੇ ਗਏ ਹਨ। ਪਰਵੀਰ ਸਿੰਘ ਵਿਰੁੱਧ ਇੰਮੀਗ੍ਰੇਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਸਨ ਅਤੇ ਪ੍ਰੋਬੇਸ਼ਨ ਹੁਕਮਾਂ ਤਹਿਤ ਗੱਡੀ ਚਲਾਉਣ ਤੋਂ ਰੋਕਿਆ ਗਿਆ ਸੀ। ਪੀਲ ਰੀਜਨਲ ਪੁਲਿਸ ਵੱਲੋਂ ਪਰਵੀਰ ਸਿੰਘ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਹੈ।