ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਮੋਗ ਦੀ ਸੰਗੀਨੀ ਕਾਰਨ ਸਾਰੇ ਨਿੱਜੀ ਅਤੇ ਸਰਕਾਰੀ ਸਕੂਲ, ਕਾਲਜਾਂ ਅਤੇ ਬਹੁਤ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 17 ਨਵੰਬਰ ਤੱਕ ਸਾਰੇ ਜਨਤਕ ਪਾਰਕਾਂ, ਚਿੜੀਆਘਰ, ਅਜਾਇਬ ਘਰ, ਇਤਿਹਾਸਕ ਥਾਵਾਂ ਅਤੇ ਖੇਡ ਦੇ ਮੈਦਾਨਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬੇ ਵਿੱਚ ਵਧ ਰਹੀ ਪ੍ਰਦੂਸ਼ਣ ਦੀ ਸੰਕਟਮਈ ਹਾਲਤ ਅਤੇ ਹਵਾ ਦੀ ਗੁਣਵੱਤਾ ਦੇ ਬਹੁਤ ਹੀ ਮਾੜੇ ਦਰਜਿਆਂ ਨੂੰ ਦੇਖਦਿਆਂ ਇਹ ਕਦਮ ਉਠਾਇਆ ਗਿਆ ਹੈ।
ਲਾਹੌਰ, ਜਿਸਦੀ ਆਬਾਦੀ ਲਗਭਗ 1.4 ਕਰੋੜ ਹੈ, ਪਿਛਲੇ ਕੁਝ ਮਹੀਨਿਆਂ ਤੋਂ ਧੂੰਏਂ ਅਤੇ ਮਾੜੀ ਹਵਾ ਦੇ ਪ੍ਰਭਾਵ ਹੇਠ ਹੈ। ਵੀਰਵਾਰ ਨੂੰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) 1000 ਦੇ ਪਾਸੇ ਪਹੁੰਚ ਗਿਆ ਸੀ, ਜਦੋਂਕਿ ਸ਼ੁੱਕਰਵਾਰ ਨੂੰ ਇਹ 600 ਤੋਂ ਵੱਧ ਰਹਿ ਗਿਆ। 300 ਤੋਂ ਉਪਰ ਦਾ AQI ਪੱਧਰ ਮਾਨਵ ਸਿਹਤ ਲਈ ਖਤਰਨਾਕ ਸਮਝਿਆ ਜਾਂਦਾ ਹੈ। ਘੱਟ ਵਿਜ਼ੀਬਿਲਟੀ ਕਾਰਨ, ਲੋਕਾਂ ਨੂੰ ਸ਼ਹਿਰ ਵਿੱਚ ਬਿਨਾਂ ਰੋਸ਼ਨੀ ਵਾਲੇ ਹਾਲਾਤਾਂ ਵਿੱਚ ਰਹਿਣਾ ਪੈ ਰਿਹਾ ਹੈ, ਅਤੇ ਦੂਰ ਦੀ ਦੇਖਣ ਦੀ ਸਮਰਥਾ ਘਟ ਕੇ ਸਿਰਫ 100 ਮੀਟਰ ਰਹਿ ਗਈ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਲਾਹੌਰ ਦੇ ਬਾਜ਼ਾਰਾਂ ਨੂੰ ਰਾਤ 8 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਅਤੇ ਮੈਰਿਜ ਹਾਲਾਂ ਨੂੰ 10 ਵਜੇ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਇਸ ਮੁੱਦੇ ’ਤੇ ਸਧਾਰਨ ਲੋਕਾਂ ਨਾਲ ਨਾਲ, ਤਿੰਨ ਸਾਲ ਦੀ ਬੱਚੀ ਵੀ ਅਦਾਲਤ ਵਿੱਚ ਪਹੁੰਚ ਗਈ ਹੈ। ਲਾਹੌਰ ਹਾਈ ਕੋਰਟ ਵਿੱਚ ਉਸ ਬੱਚੀ ਨੇ ਸਰਕਾਰ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਸੰਵਿਧਾਨ ਦੇ ਧਾਰਾ 99-ਏ ਅਧੀਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਏ। ਇਸ ਪਟੀਸ਼ਨ ਵਿਚ ਲਾਹੌਰ ਦੇ ਮਾੜੇ ਹਾਲਾਤਾਂ ਅਤੇ ਮਾਣਸਿਕ ਅਤੇ ਸਰੀਰੀਕ ਸਿਹਤ ’ਤੇ ਪੈ ਰਹੇ ਪ੍ਰਭਾਵਾਂ ਦਾ ਵਿਸਥਾਰ ਨਾਲ ਜ਼ਿਕਰ ਹੈ।
ਪ੍ਰਦੂਸ਼ਣ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਹਸਪਤਾਲਾਂ ’ਚ ਸਾਹ ਦੀਆਂ ਸਮੱਸਿਆਵਾਂ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਖਰਾਬ ਹਵਾ ਕਾਰਨ ਨਿੱਘਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਅਤੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ, ਅਤੇ ਸੂਬੇ ਵਿੱਚ ਸਮੋਗ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਸ ਹਾਲਾਤ ਨੂੰ ਕਾਬੂ ਕਰਨ ਲਈ 17 ਨਵੰਬਰ ਤੱਕ ਸਾਰੇ ਉੱਚ ਸੈਕੰਡਰੀ ਪੱਧਰ ਦੇ ਸਿੱਖਿਆ ਸੰਸਥਾਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।