ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ ਵੱਲ ਪ੍ਰਵਾਸ ਕਰਨ ਦੀ ਆਨਲਾਈਨ ਖੋਜ ਵਿੱਚ ਵੱਡਾ ਵਾਧਾ ਵੇਖਿਆ ਜਾ ਰਿਹਾ ਹੈ। ਟਰੰਪ ਦੇ ਪ੍ਰਵਾਸੀ ਨੀਤੀਆਂ ਦੇ ਸੰਕੇਤ ਦੇਖਦੇ ਹੋਏ ਕਈ ਅਮਰੀਕੀ ਅਤੇ ਗੈਰਕਾਨੂੰਨੀ ਪ੍ਰਵਾਸੀ ਕੈਨੇਡਾ ਵੱਲ ਰੁਖ ਕਰ ਸਕਦੇ ਹਨ। ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਭਰੋਸਾ ਦਿਵਾਇਆ ਹੈ ਕਿ ਕੈਨੇਡੀਅਨ ਬਾਰਡਰਾਂ ਦੀ ਸੁਰੱਖਿਆ ਅਤੇ ਪ੍ਰਵਾਸੀ ਨੀਤੀਆਂ ਮੁਕੰਮਲ ਤੌਰ ’ਤੇ ਕੰਟਰੋਲ ਵਿੱਚ ਹਨ।
ਫਰੀਲੈਂਡ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕੈਨੇਡਾ ਦੀ ਸਰਕਾਰ ਆਪਣੇ ਬਾਰਡਰਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬਹੁਤ ਸਜਗ ਹੈ। ਕੈਨੇਡਾ ਇਹ ਯਕੀਨੀ ਬਣਾਉਣ ਵਿੱਚ ਜੁਟਿਆ ਹੈ ਕਿ ਸਿਰਫ ਉਹੀ ਵਿਅਕਤੀ ਵਧੇਰੇ ਨਿਯਮਾਂ ਅਤੇ ਪ੍ਰਵਾਸੀ ਪ੍ਰਕਿਰਿਆ ਦੇ ਸਹੀ ਜਾਂਚ ਤੋਂ ਬਾਅਦ ਦੇਸ਼ ਵਿੱਚ ਦਾਖਲ ਹੋਣ। ਇਸ ਮੁੱਦੇ ‘ਤੇ ਫਰੀਲੈਂਡ ਨੇ ਕਿਹਾ, “ਕੈਨੇਡਾ ਦੇ ਨਾਗਰਿਕ ਇਹਦੇ ਵਿਰੋਧੀ ਹਨ ਕਿ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਸਾਡੀ ਜ਼ਮੀਨ ’ਤੇ ਆਏ।”
ਉਸੇ ਦੌਰਾਨ, ਆਰ.ਸੀ.ਐਮ.ਪੀ. ਦੇ ਸਾਰਜੈਂਟ ਚਾਰਲਸ ਪੌਇਰੀਅਰ ਨੇ ਵੀ ਇਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਦੇ ਬਾਰਡਰਾਂ ’ਤੇ ਵਧੇਰੇ ਸੁਰੱਖਿਆ ਇਨਤਜਾਮਾਂ ਲਈ ਰਜਾਇਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਵੇਂ ਇਹਦੇ ਲਈ ਵਧੇਰੇ ਪੁਲਿਸ ਕਰੂਜ਼ਰ ਅਤੇ ਅਸਥਾਈ ਇਮਾਰਤਾਂ ਦੀ ਲੋੜ ਪੈ ਸਕਦੀ ਹੈ, ਪਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਿਆਰੀ ਵਿੱਚ ਹਨ ਤਾਂ ਜੋ ਕਿਸੇ ਵੀ ਸੰਭਾਵਿਤ ਹਾਲਤ ਨਾਲ ਨਿਭਿਆ ਜਾ ਸਕੇ।
ਦੂਜੇ ਪਾਸੇ, ਕੈਨੇਡਾ ਦੇ ਰਫਿਊਜੀ ਬੋਰਡ ਦੇ ਕਾਰਜਕਾਰੀ ਡਾਇਰੈਕਟਰ ਅਬਦੁੱਲਾ ਦਾਊਦ ਨੇ ਦੱਸਿਆ ਕਿ ਟਰੰਪ ਵਲੋਂ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦਾ ਵਾਅਦਾ ਇਕ ਦਿਨ ਵਿੱਚ ਪੂਰਾ ਹੋਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨੀਤੀ ਨੂੰ ਪ੍ਰਯੋਗ ਵਿੱਚ ਲਿਆਂਦਾ ਜਾਣ ਲਈ ਸਮਾਂ ਲੱਗਦਾ ਹੈ ਅਤੇ ਅਚਾਨਕ ਕੈਨੇਡਾ ਦੀਆਂ ਬਾਰਡਰਾਂ ’ਤੇ ਹਜ਼ਾਰਾਂ ਲੋਕਾਂ ਦੇ ਆਉਣ ਦੀ ਸੰਭਾਵਨਾ ਘੱਟ ਹੈ।
ਅਮਰੀਕੀ ਸੰਗਠਨ ਪਿਊ ਰਿਸਰਚ ਸੈਂਟਰ ਦੇ ਮੁਤਾਬਕ, ਇਸ ਵੇਲੇ ਅਮਰੀਕਾ ਵਿੱਚ ਲਗਭਗ ਸਵਾ ਕਰੋੜ ਗੈਰਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ, ਜਿਸ ਨਾਲ ਟਰੰਪ ਦੇ ਡਿਪੋਰਟੇਸ਼ਨ ਦੇ ਵਾਅਦੇ ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।