ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਹਵਾਈ ਯਾਤਰਾ ਵਿਚ ਹੌਲੀਡੇ ਸੀਜ਼ਨ ਦੌਰਾਨ ਲੋਕਾਂ ਨੂੰ ਆਈ ਪ੍ਰੇਸ਼ਾਨੀ ਦੀਆਂ ਘਟਨਾਵਾਂ ਇਸ ਗੱਲ ਦੀ ਦਲੀਲ ਹਨ ਕਿ ਕੈਨੇਡੀਅਨ ਹਵਾਈ ਉਦਯੋਗ ਵਿਚ ਹੋਰ ਮੁਕਾਬਲੇਬਾਜ਼ੀ ਦੀ ਕਿਉਂ ਜ਼ਰੂਰਤ ਹੈ। ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਏਅਰਲਾਈਨ ਉਦਯੋਗ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਦੇ ਤਰੀਕੇ ਲੱਭਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮੁਸਾਫ਼ਰਾਂ ਕੋਲ ਵਿਕਲਪਾਂ ਦੀ ਘਾਟ ਹੋਣਾ ਵੀ ਉਡਾਣਾਂ ਨੂੰ ਘੱਟ ਕਿਫ਼ਾਇਤੀ ਬਣਾ ਰਿਹਾ ਹੈ।
ਸਨਵਿੰਗ ਨੇ ਅਗਲੇ ਮਹੀਨੇ ਤੱਕ ਸਸਕੈਚਵਨ ਤੋਂ ਹਵਾਈ ਸੇਵਾ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਛੁੱਟੀਆਂ ਦੌਰਾਨ ਫ਼ਲਾਈਟਾਂ ਰੱਦ ਹੋਣ ਕਰਕੇ ਹਜ਼ਾਰਾਂ ਕੈਨੇਡੀਅਨਜ਼ ਮੈਕਸਿਕੋ ਵਿਚ ਫ਼ੱਸ ਗਏ ਸਨ। ਏਅਰ ਕੈਨੇਡਾ ਇਸ ਮਹੀਨੇ ਸਸਕੈਚਵਨ ਅਤੇ ਰੈਜਾਈਨਾ ਤੋਂ ਕੈਲਗਰੀ ਦੀਆਂ ਫ਼ਲਾਈਟਾਂ ਬੰਦ ਕਰ ਰਿਹਾ ਹੈ।
ਜਗਮੀਤ ਸਿੰਘ ਚਾਹੁੰਦੇ ਹਨ ਕਿ ਦੋਵਾਂ ਕੰਪਨੀਆਂ ਦੇ CEO ਟ੍ਰਾਂਸਪੋਰਟ ਕਮੇਟੀ ਦੀ ਮੀਟਿੰਗ ਵਿਚ ਸਵਾਲਾਂ ਦੇ ਜਵਾਬ ਦੇਣ, ਪਰ ਨਾਲ ਹੀ ਉਹਨਾਂ ਨੇ ਟ੍ਰਾਂਸਪੋਰਟ ਮੰਤਰੀ ਓਮਰ ਅਲਗ਼ਬਰਾ ਨੂੰ ਬਿਹਤਰ ਨਿਗਰਾਨੀ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਲੋਕ ਦੇਸ਼ ਭਰ ਵਿਚ ਕਿਫ਼ਾਇਤੀ ਤਰੀਕੇ ਨਾਲ ਘੁੰਮਣ ਦੇ ਯੋਗ ਹੋਣ। ਸਮੇਂ ਬਹੁਤ ਸਾਰੇ ਲੋਕਾਂ ਲਈ ਅਜਿਹਾ ਬਿਲਕੁਲ ਨਹੀਂ ਹੈ। ਇਹ ਉਹ ਚੀਜ਼ ਹੈ ਜਿਸਨੂੰ ਸਾਨੂੰ ਵਿਚਾਰਨ ਅਤੇ ਇਸਦਾ ਹੱਲ ਲੱਭਣ ਦੀ ਜਰੂਰਤ ਹੈ।
ਦ ਕੈਨੇਡੀਅਨ ਪ੍ਰੈੱਸ