ਈਰਾਨ ਦੇ ਪਵਿੱਤਰ ਸ਼ਹਿਰ ਕੋਮ ਵਿੱਚ ਲੜਕੀਆਂ ਦੀ ਪੜ੍ਹਾਈ ਨੂੰ ਰੋਕਣ ਦੇ ਮਕਸਦ ਨਾਲ ਵਿਦਿਆਰਥਣਾਂ ਨੂੰ ਜ਼ਹਿਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਨਵੰਬਰ ਦੇ ਅਖੀਰ ਤੋਂ, ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ। ਕਈ ਵਿਦਿਆਰਥਣਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਐਤਵਾਰ ਨੂੰ ਉਪ ਸਿਹਤ ਮੰਤਰੀ ਯੂਨਸ ਪਨਹੀ ਨੇ ਸਪੱਸ਼ਟ ਤੌਰ ‘ਤੇ ਪੁਸ਼ਟੀ ਕੀਤੀ ਕਿ ਜ਼ਹਿਰ ਜਾਣਬੁੱਝ ਕੇ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੇ ਵੇਰਵੇ ਨਹੀਂ ਦਿੱਤੇ ਹਨ।
ਸਰਕਾਰੀ ਸਮਾਚਾਰ ਏਜੰਸੀ IRNA ਨੇ ਉਪ ਸਿਹਤ ਮੰਤਰੀ ਦੇ ਹਵਾਲੇ ਨਾਲ ਕਿਹਾ, “ਕੌਮ ਦੇ ਸਕੂਲਾਂ ਵਿੱਚ ਕਈ ਵਿਦਿਆਰਥੀਆਂ ਨੂੰ ਜ਼ਹਿਰ ਦਿੱਤਾ ਗਿਆ ਸੀ। ਜਾਂਚ ਵਿੱਚ ਪਾਇਆ ਗਿਆ ਕਿ ਕੁਝ ਲੋਕ ਚਾਹੁੰਦੇ ਸਨ ਕਿ ਲੜਕੀਆਂ ਸਕੂਲ ਜਾਣਾ ਬੰਦ ਕਰ ਦੇਣ। ਅਜਿਹਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।” IRNA ਨੇ ਰਿਪੋਰਟ ਦਿੱਤੀ ਕਿ 14 ਫਰਵਰੀ ਨੂੰ, ਬਿਮਾਰ ਵਿਦਿਆਰਥੀਆਂ ਦੇ ਮਾਪੇ ਅਧਿਕਾਰੀਆਂ ਤੋਂ “ਸਪਸ਼ਟੀਕਰਨ ਦੀ ਮੰਗ” ਕਰਨ ਲਈ ਸ਼ਹਿਰ ਦੇ ਬਾਹਰ ਇਕੱਠੇ ਹੋਏ। ਅਗਲੇ ਦਿਨ, ਸਰਕਾਰ ਦੇ ਬੁਲਾਰੇ ਅਲੀ ਬਹਾਦੋਰੀ ਜਹਰੋਮੀ ਨੇ ਕਿਹਾ ਕਿ ਖੁਫੀਆ ਅਤੇ ਸਿੱਖਿਆ ਮੰਤਰਾਲਾ ਜ਼ਹਿਰ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਹਫਤੇ ਇਨ੍ਹਾ ਘਟਨਾਵਾਂ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਗਏ ਸਨ।