ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਸਾਲ 2022 ਦੀ ਚੌਥੀ ਤਿਮਾਹੀ ਦੌਰਾਨ ਕੈਨੇਡੀਅਨ ਆਰਥਿਕਤਾ ਵਿਚ ਵਿਕਾਸ ਨਹੀਂ ਹੋਇਆ, ਸਗੋਂ ਦਸੰਬਰ ਵਿਚ GDP ਸੁੰਘੜੀ ਹੈ। ਦਸੰਬਰ ਮਹੀਨੇ ਵਿਚ ਕੈਨੇਡੀਅਨ ਜੀਡੀਪੀ ਵਿਚ ਨਵੰਬਰ ਦੇ ਮੁਕਾਬਲੇ 0.1 ਫ਼ੀਸਦੀ ਨਿਘਾਰ ਦਰਜ ਹੋਇਆ ਹੈ। ਕਾਰੋਬਾਰਾਂ ਅਤੇ ਆਮ ਲੋਕਾਂ ਵੱਲੋਂ ਨਿਵੇਸ਼ਾਂ ਅਤੇ ਖ਼ਰਚਿਆਂ ਵਿਚ ਕਟੌਤੀਆਂ ਦੇ ਨਤੀਜੇ ਵੱਜੋਂ ਆਰਥਿਕ ਧੀਮਾਪਣ ਦਰਜ ਕੀਤਾ ਗਿਆ ਹੈ। ਮਸ਼ੀਨਰੀ ਅਤੇ ਉਪਕਰਣਾਂ ‘ਤੇ ਹੋਣ ਵਾਲੇ ਖ਼ਰਚ ਵਿਚ 7.8 ਫ਼ੀਸਦੀ ਗਿਰਾਵਟ ਆਈ, ਆਖ਼ਰੀ ਤਿਮਾਹੀ ਵਿਚ ਹਾਊਸਿੰਗ ਨਿਵੇਸ਼ ਵਿਚ 2.3 ਫ਼ੀਸਦੀ ਕਮੀ ਦਰਜ ਹੋਈ।
ਕਈ ਸਾਲਾਂ ਦੇ ਨਿਰੰਤਰ ਵਿਕਾਸ ਤੋਂ ਬਾਅਦ, ਕੈਨੇਡਾ ਦੇ ਹਾਊਸਿੰਗ ਸੈਕਟਰ ਵਿਚ ਧੀਮਾਪਣ ਦਰਜ ਹੋਇਆ ਹੈ, ਕਿਉਂਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਧਾ ਦਿੱਤੀਆਂ ਹਨ, ਜਿਸ ਕਰਕੇ ਘਰਾਂ ਦੀ ਖ਼ਰੀਦ-ਫ਼ਰੋਖ਼ਤ ਵਿਚ ਭਾਰੀ ਕਮੀ ਆਈ ਹੈ। ਸਾਲ 2022 ਦੌਰਾਨ ਹਾਊਸਿੰਗ ਨਿਵੇਸ਼ ਵਿਚ 11 ਫ਼ੀਸਦੀ ਗਿਰਾਵਟ ਦਰਜ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਮੌਜੂਦਾ ਆਰਥਿਕ ਤਸਵੀਰ ਬੈਂਕ ਔਫ਼ ਕੈਨੇਡਾ ਦੀ ਉਮੀਦ ਨਾਲੋਂ ਜ਼ਿਆਦਾ ਬਦਤਰ ਹੈ। ਪਰ ਆਰਥਿਕਤ ਧੀਮੇਪਣ ਦੇ ਸੰਕੇਤ ਮਹਿੰਗਾਈ ਨਾਲ ਲੜ ਰਹੇ ਬੈਂਕ ਔਫ਼ ਕੈਨੇਡਾ ਲਈ ਚੰਗੀ ਖ਼ਬਰ ਹੋ ਸਕਦੇ ਹਨ।