ਉਨਟਾਰੀਓ ਦੇ ਨਾਇਗਰਾ ਫ਼ੌਲਜ਼, ਕੌਰਨਵੌਲ ਅਤੇ ਵਿੰਡਸਰ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਰਕਾਰ ਕਿਊਬੈਕ ਚ ਪੈਂਦੇ ਅਣਅਧਿਕਾਰਤ ਸਰਹੱਦੀ ਲਾਂਘੇ ਰਾਹੀਂ ਕੈਨੇਡਾ ਪਹੁੰਚਣ ਵਾਲੇ ਪਨਾਹਗੀਰਾਂ ਨੂੰ ਉਹਨਾਂ ਦੇ ਸ਼ਹਿਰਾਂ ਵਿਚ ਸੈਟਲ ਕੀਤੇ ਜਾਣ ਦੇ ਸਿਲਸਿਲੇ ਵਿਚ ਲੋਕਲ ਸਰਕਾਰਾਂ ਦੀ ਮਦਦ ਕਰੇ। ਮੇਅਰਾਂ ਦਾ ਕਹਿਣਾ ਹੈ ਰੌਕਸਮ ਰੋਡ ਰਾਹੀਂ ਕੈਨੇਡਾ ਪਹੁੰਚਣ ਵਾਲੇ ਪਰਵਾਸੀਆਂ ਨੂੰ ਸੈਟਲ ਕਰਨ ਲਈ ਮਦਦ ਜਾਰੀ ਰੱਖਣ ਲਈ ਫ਼ੈਡਰਲ ਫ਼ੰਡਿੰਗ ਦੀ ਜ਼ਰੂਰਤ ਹੈ।
ਰੌਕਸਮ ਰੋਡ ਨਿਊਯੌਰਕ ਸਟੇਟ ਵਿਚ ਪੈਂਦੇ ਚੈਮਪਲੇਨ ਕਸਬੇ ਤੋਂ ਕੈਨੇਡਾ-ਯੂ ਐਸ ਬਾਰਡਰ ਤੱਕ ਆਉਂਦੀ ਇੱਕ ਪੇਂਡੂ ਸੜਕ ਹੈ, ਜਿਸ ਉਪਰ ਇੱਕ ਅਨਿਯਮਿਤ ਬਾਰਡਰ ਕ੍ਰਾਸਿੰਗ ਬਣ ਗਈ ਹੈ। ਇਸ ਰੋਡ ਰਾਹੀਂ ਯੂ ਐਸ ਦੀ ਨਿਊਯਾਰਕ ਸਟੇਟ ਅਤੇ ਕੈਨੇਡਾ ਦਾ ਕਿਊਬੈਕ ਸੂਬਾ ਆਪਸ ਵਿਚ ਜੁੜ ਜਾਂਦੇ ਹਨ। ਇਹ ਸੜਕ ਮੌਂਟਰੀਅਲ ਤੋਂ ਕਰੀਬ 50 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕ੍ਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਯੂ ਐਸ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ।
ਫ਼ੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ 2021 ਵਿੱਚ, 4,246 ਪਰਵਾਸੀ ਰੌਕਸਮ ਰੋਡ ਰਾਹੀਂ ਕੈਨੇਡਾ ਵਿੱਚ ਦਾਖ਼ਲ ਹੋਏ ਸਨ, ਪਰ ਪਿਛਲੇ ਸਾਲ ਇਹ ਗਿਣਤੀ ਵਧਕੇ ਲਗਭਗ 40,000 ਦਰਜ ਕੀਤੀ ਗਈ। ਪਨਾਹਗੀਰਾਂ ਦੀ ਵਧਦੀ ਗਿਣਤੀ ਕਾਰਨ ਕਿਊਬੈਕ ਨੇ ਆਪਣੇ ਸਰੋਤਾਂ ‘ਤੇ ਪੈ ਰਹੇ ਦਬਾਅ ਬਾਰੇ ਖ਼ਦਸ਼ਿਆਂ ਦਾ ਪ੍ਰਗਟਾਵਾ ਕੀਤਾ ਸੀ, ਜਿਸ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਉਸਨੇ ਕਿਊਬੈਕ ਵਿਚ ਆਉਣ ਵਾਲੇ ਪਰਵਾਸੀਆਂ ਨੂੰ ਪਿਛਲੇ ਸਾਲ ਜੂਨ ਮਹੀਨੇ ਤੋਂ ਔਟਵਾ ਅਤੇ ਨਾਇਗਰਾ ਫ਼ੌਲਜ਼ ਵਰਗੇ ਸ਼ਹਿਰਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਹੁਣ ਤੱਕ 7,131 ਲੋਕਾਂ ਨੂੰ ਓਨਟੇਰਿਓ ਦੇ ਸ਼ਹਿਰਾਂ ਵਿਚ ਭੇਜਿਆ ਗਿਆ ਹੈ ਜਿਸ ਵਿਚ – 4,313 ਨਾਇਗਰਾ ਫ਼ੌਲਜ਼, 1,396 ਕੌਰਨਵੌਲ, 720 ਵਿੰਡਸਰ ਅਤੇ 702 ਔਟਵਾ ਵਿੱਚ ਭੇਜੇ ਗਏ ਹਨ। ਹੁਣ ਇਮੀਗ੍ਰੇਸ਼ਨ ਵਿਭਾਗ ਪਨਾਹਗੀਰਾਂ ਨੂੰ ਸੈਟਲ ਕਰਨ ਲਈ ਅਟਲਾਂਟਿਕ ਸੂਬਿਆਂ ਨਾਲ ਵੀ ਗੱਲਬਾਤ ਕਰ ਰਿਹਾ ਹੈ।
ਦ ਕੈਨੇਡੀਅਨ ਪ੍ਰੈਸ