ਐਡੰਮਟਨ ਦੇ ਇੱਕ ਫ਼ੂਡ-ਪ੍ਰੋਸੈਸਿੰਗ ਪਲਾਂਟ ਵਿਚ ਕੰਮ ਦੌਰਾਨ ਜ਼ਖ਼ਮੀ ਹੋਣ ਕਾਰਨ 33 ਸਾਲ ਦੇ ਸਮੀਰ ਸੁਬੇਦੀ ਦੀ 2 ਮਾਰਚ ਨੂੰ ਕੰਮ ਦੌਰਾਨ ਮੌਤ ਹੋ ਗਈ ਸੀ। ਇਹ ਮੌਤ ਪਰਿਵਾਰ ਵਾਲਿਆਂ ਲਈ ਅਜੇ ਵੀ ਇੱਕ ਸਵਾਲ ਬਣੀ ਹੋਈ ਹੈ। ਸਮੀਰ ਦੱਖਣੀ ਐਡਮੰਟਨ ਵਿਚ ਸਥਿਤ ਸੋਫ਼ੀਨਾ ਫ਼ੂਡਜ਼ ਫ਼ੈਸਿਲਟੀ ਵਿਚ ਕੰਮ ਕਰਦਾ ਸੀ। ਇਹ ਕੰਪਨੀ ਇੱਕ ਅੰਤਰਰਾਸ਼ਟਰੀ ਮੀਟ ਉਤਪਾਦ ਤਿਆਰ ਕਰਨ ਵਾਲੀ ਕੰਪਨੀ ਹੈ।
ਜਿਸ ਦਿਨ ਸਮੀਰ ਜ਼ਖ਼ਮੀ ਹੋਇਆ ਸੀ, ਉਦੇ ਦਿਨ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ। ਸਮੀਰ ਆਪਣੇ ਪਿੱਛੇ ਇੱਕ ਗਰਭਵਤੀ ਪਤਨੀ ਅਤੇ ਇੱਕ ਸਾਲ ਦੀ ਬੇਟੀ ਛੱਡ ਗਿਆ ਹੈ। ਸਮੀਰ ਦੇ ਭਰਾ ਸਬੀਰ ਸੁਬੇਦੀ ਨੇ ਦੱਸਿਆ ਕਿ ਉਸਦਾ ਭਰਾ ਇੱਕ ਪਰਿਵਾਰਕ ਬੰਦਾ ਸੀ। ਸਮੀਰ ਸੁਬੇਦੀ ਦਾ ਜਨਮ ਨੇਪਾਲ ਵਿਚ ਹੋਇਆ ਸੀ ਅਤੇ ਉਸਨੇ ਭਾਰਤ ਵਿਚ ਵੀ ਨੌਕਰੀ ਕੀਤੀ ਸੀ। ਉਹ ਪੰਜ ਸਾਲ ਪਹਿਲਾਂ ਕੈਨੇਡਾ ਆਇਆ ਸੀ। ਉਸਨੇ ਯੂਨਿਵਰਸਿਟੀ ਔਫ਼ ਐਲਬਰਟਾ ਤੋਂ ਨਿਊਟ੍ਰੀਸ਼ਨ ਐਂਡ ਫ਼ੂਡ ਸਾਇੰਸ ਵਿਚ ਮਾਸਟਰ ਡਿਗਰੀ ਕੀਤੀ ਅਤੇ ਫਿਰ ਸੋਫ਼ੀਨਾ ਫ਼ੂਡਜ਼ ਵਿਚ ਨੌਕਰੀ ਕਰਨ ਲੱਗਾ।
ਸਬੀਰ ਸੁਬੇਦੀ ਨੇ ਕਿਹਾ ਕਿ ਉਸਦੇ ਭਰਾ ਨੂੰ ਐਲਬਰਟਾ ਯੂਨਿਵਰਸਿਟੀ ਦੇ ਹਸਪਤਾਲ ਦੇ ਝੁਲਸੇ ਲੋਕਾਂ ਦੇ ਇਲਾਜ ਵਾਲੇ ਯੂਨਿਟ ਵਿਚ ਭਰਤੀ ਕੀਤਾ ਗਿਆ ਸੀ। ਹੈਲਥ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਸਮੀਰ ਦੀ ਮੌਤ ਔਕਸੀਜਨ ਦੀ ਕਮੀ ਅਤੇ ਕਾਰਬਨਮੋਨੋਆਕਸਾਈਡ ਦੇ ਜ਼ਹਿਰ ਕਾਰਨ ਹੋਈ ਹੈ। ਸਬੀਰ ਨੇ ਕਿਹਾ, ਮੈਂ ਬਸ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਉਹ ਉਚਿਤ ਜਾਂਚ ਕਰਨ ਤਾਂ ਕਿ ਸਾਨੂੰ ਪਤਾ ਲੱਗੇ ਕਿ ਕੀ ਹੋਇਆ ਸੀ।
ਸੀਬੀਸੀ ਨਿਊਜ਼ ਨੇ ਇਸ ਮਾਮਲੇ ‘ਤੇ ਹੋਰ ਜਾਣਕਾਰੀ ਲਈ ਸੋਫ਼ੀਨਾ ਫ਼ੂਡਜ਼ ਅਤੇ ਆਕਿਓਪੇਸ਼ਨਲ ਹੈਲਥ ਐਂਡ ਸੇਫ਼ਟੀ (Occupational Health and Safety) ਨਾਲ ਵੀ ਸੰਪਰਕ ਕੀਤਾ। ਇੱਕ ਬਿਆਨ ਵਿਚ OHS ਦੇ ਬੁਲਾਰੇ ਨੇ ਕਿਹਾ ਕਿ ਫ਼ੂਡ ਪਲਾਂਟ ਵਿਚ ਵਰਕਰ ਦੇ ਜ਼ਖ਼ਮੀ ਅਤੇ ਬੇਹੋਸ਼ ਪਾਏ ਜਾਣ ਤੋਂ ਬਾਅਦ ਸਰਗਰਮ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਵਰਕਰ ਦੀ ਹਸਪਤਾਲ ਵਿਚ ਮੌਤ ਹੋਈ ਸੀ। ਕੰਪਨੀ ਨੇ ਸਮੀਰ ਦੇ ਪਰਿਵਾਰ ਅਤੇ ਨਜ਼ਦੀਕੀਆਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਹਨ ਅਤੇ ਸੋਫ਼ੀਨਾ ਫ਼ੂਡਜ਼ ਪਰਿਵਾਰ ਦੀ ਸਹਾਇਤਾ ਕਰ ਰਿਹਾ ਹੈ। ਸਬੀਰ ਸੁਬੇਦੀ ਨੇ ਕਿਹਾ ਕਿ ਕੰਪਨੀ ਦਾ ਐਚ.ਆਰ ਵਿਭਾਗ ਉਹਨਾਂ ਨਾਲ ਸੰਪਰਕ ਵਿਚ ਹੈ, ਪਰ ਕੰਪਨੀ ਨੇ ਬੁਨਿਆਦੀ ਜੀਵਨ ਬੀਮੇ ਤੋਂ ਇਲਾਵਾ ਉਹਨਾਂ ਦੇ ਭਰਾ ਦੀ ਪਤਨੀ ਅਤੇ ਬੇਟੀ ਨੂੰ ਕੋਈ ਵਾਧੂ ਵਿੱਤੀ ਸਹਾਇਤਾ ਨਹੀਂ ਦਿੱਤੀ ਹੈ।
ਸੀਬੀਸੀ ਨਿਊਜ਼