ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸ ਦੇ ਸਾਥੀ ਜਿੱਥੋਂ ਦੇ ਵਸਨੀਕ ਹਨ, ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਦੀ ਪੂਰੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਹ ਮਾਮਲਾ 18 ਤਰੀਕ ਦਾ ਭਖਿਆ ਹੋਇਆ ਹੈ। ਪਰ ਅੱਜ ਤੱਕ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ ਨਹੀਂ ਲੱਗਿਆ। ਅੰਮ੍ਰਿਤਪਾਲ ਦੇ ਘਰ ਦੀ ਵੀ ਪੁਲਿਸ ਵੱਲੋਂ ਵਾਰ ਵਾਰ ਤਲਾਸ਼ੀ ਕੀਤੀ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਗੁਰੂ ਘਰ ‘ਚੋ ਭੇਸ ਬਦਲ ਕੇ ਫਰਾਰ ਹੋ ਗਿਆ ਸੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ, ਪਰ ਅੱਜ ਪੂਰੇ ਛੇ ਦਿਨ ਹੋ ਗਏ ਹਨ, ਅਜੇ ਤੱਕ ਅੰਮ੍ਰਿਤਪਾਲ ਦਾ ਕੁੱਝ ਪਤਾ ਨਹੀਂ ਲੱਗ ਰਿਹਾ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਹ ਮਹਾਰਾਸ਼ਟਰ ਦੇ ਨਾਂਦੇੜ ‘ਚ ਪਹੁੰਚਿਆ ਹੋਇਆ ਹੈ। ਇਸ ਸਬੰਧੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਹਾਰਾਸ਼ਟਰ ਲਈ ਰਵਾਨਾ ਹੋ ਗਈਆਂ ਹਨ। ਹਰਿਆਣਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਪਾਲ ਪੰਜਾਬ ਤੋਂ 19 ਮਾਰਚ ਨੂੰ ਹੀ ਫਰਾਰ ਹੋ ਗਿਆ ਸੀ। ਉਹ 19-20 ਮਾਰਚ ਨੂੰ ਕੁਰੂਕਸ਼ੇਤਰ ਦੇ ਸ਼ਾਹਬਾਦ ‘ਚ ਰਿਹਾ। ਇਸ ਮਾਮਲੇ ਦੇ ਚੱਲਦਿਆਂ ਪੁਲਿਸ ਵੱਲੋਂ ਉਸ ਦੇ ਸਾਥੀਆਂ ਤੇ ਕਈ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।