ਓਨਟੇਰਿਓ ਵਿਚ ਮਿਨਿਮਮ ਵੇਜ 1 ਅਕਤੂਬਰ ਤੋਂ ਵਧ ਕੇ 16.55 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਮੌਜੂਦਾ 15.50 ਡਾਲਰ ਪ੍ਰਤੀ ਘੰਟਾ ਵੇਜ ਵਿਚ ਇਹ 6.8% ਦਾ ਵਾਧਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਮਤਲਬ ਹੈ ਕਿ ਕੋਈ ਵਿਅਕਤੀ ਜਿਹੜਾ ਘੱਟ ਤੋਂ ਘੱਟ ਵੇਜ ‘ਤੇ ਹਫ਼ਤੇ ਵਿਚ 40 ਘੰਟੇ ਕੰਮ ਕਰ ਰਿਹਾ ਹੈ, ਉਸਦੀ ਤਨਖ਼ਾਹ ਵਿਚ ਕਰੀਬ 2,200 ਡਾਲਰ ਦਾ ਵਾਧਾ ਹੋਵੇਗਾ।
ਲੇਬਰ ਹੱਕਾਂ ਦੀ ਵਕਾਲਤ ਕਰਨ ਵਾਲੇ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਸਰਕਾਰ ਨੂੰ ਮਿਨਿਮਮ ਵੇਜ 20 ਡਾਲਰ ਪ੍ਰਤੀ ਘੰਟਾ ਕਰ ਦੇਣੀ ਚਾਹੀਦੀ ਹੈ। ਲੇਬਰ ਮਿਨਿਸਟਰ ਮੌਂਟੀ ਮੈਕਨੌਟਨ ਨੇ ਕਿਹਾ ਕਿ 1 ਅਕਤੂਬਰ ਤੋਂ ਲਾਗੂ ਹੋ ਰਹੇ ਇਸ ਵੇਜ ਵਾਧੇ ਨਾਲ ਲੋਕਾਂ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
ਯੂਕੌਨ ਵਿਚ ਮਿਨਿਮਮ ਵੇਜ 16.77 ਡਾਲਰ ਹੈ ਅਤੇ ਫ਼ੈਡਰਲ ਸਰਕਾਰ ਦੀ ਪ੍ਰਤੀ ਘੰਟਾ ਮਿਨਿਮਮ ਵੇਜ 16.65 ਡਾਲਰ ਹੈ। ਮੈਕਨੌਟਨ ਨੇ ਕਿਹਾ ਕਿ ਸਰਕਾਰ ਇੱਕ ਪੋਰਟੇਬਲ ਬੈਨਿਫ਼ਿਟਸ ਪਲਾਨ ‘ਤੇ ਵੀ ਕੰਮ ਕਰ ਰਹੀ ਹੈ ਜਿਸ ਅਧੀਨ ਹੈਲਥ ਅਤੇ ਡੈਂਟਲ ਕੇਅਰ ਦੇ ਬੈਨਿਫ਼ਿਟ ਕੰਮਕਾਜ ਦੀ ਥਾਂ ਦੀ ਬਜਾਏ ਵਰਕਰ ਨਾਲ ਜੁੜੇ ਹੋਣਗੇ।
ਮੈਕਨੌਟਨ ਨੇ ਕਿਹਾ ਕਿ ਵੇਜ ਵਾਧਾ 1 ਅਕਤੂਬਰ ਤੋਂ ਇਸ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਕਾਰੋਬਾਰਾਂ ਨੂੰ ਇਸ ਦੇ ਅਨੁਕੂਲ ਹੋਣ ਲਈ ਸਮਾਂ ਮਿਲ ਸਕੇ। 2018 ਵਿਚ ਚੋਣ ਜਿੱਤਣ ਤੋਂ ਬਾਅਦ, ਫ਼ੋਰਡ ਸਰਕਾਰ ਨੇ ਪ੍ਰਤੀ ਘੰਟਾ ਮਿਨਿਮਮ ਵੇਜ ਨੂੰ 14 ਡਾਲਰ ‘ਤੇ ਰੋਕ ਦਿੱਤਾ ਸੀ। ਫ਼ਿਰ ਪਿਛਲੇ ਸਾਲ ਜਨਵਰੀ ਵਿਚ ਸਰਕਾਰ ਨੇ ਮਿਨਿਮਮ ਵੇਜ ਨੂੰ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਸੀ।