ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਲੰਡਨ ਜਾਣ ਤੋਂ ਰੋਕਿਆ ਸੀ, ਜਿਸ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਨੇ ਕਿਹਾ ਕਿ ਪੁਲਿਸ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਉਸ ਦੀ ਪਤਨੀ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਖ਼ਿਲਾਫ਼ ਕੋਈ ਐਫ.ਆਈ.ਆਰ ਦਰਜ ਨਹੀਂ ਹੈ। ਉਹ ਬ੍ਰਿਟਿਸ਼ ਨਾਗਰਿਕ ਹੈ। ਉਸਦਾ ਘਰ ਬਰਤਾਨੀਆ (ਯੂ.ਕੇ.) ਵਿੱਚ ਹੈ। ਜੇਕਰ ਕਿਰਨਦੀਪ ਕੌਰ ਘਰ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਉਸ ਨੂੰ ਰੋਕਣਾ ਠੀਕ ਨਹੀਂ ਹੈ। ਜਥੇਦਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਅਜਿਹਾ ਮਾਹੌਲ ਕਿਉਂ ਬਣਾ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਕਿਰਨਦੀਪ ਕੌਰ ਦਾ ਕੋਈ ਕਸੂਰ ਨਹੀਂ ਤਾਂ ਫਿਰ ਉਸ ਨੂੰ ਤੰਗ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਨਾਂ ‘ਤੇ ਬੱਚੀ ਪ੍ਰਤੀ ਸਰਕਾਰ ਦਾ ਇਹ ਰਵੱਈਆ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਜਦੋਂ ਇੰਗਲੈਂਡ ਲਈ ਰਵਾਨਾ ਹੋਣ ਵਾਲੀ ਸੀ ਤਾਂ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਛਗਿੱਛ ਲਈ ਰੋਕਿਆ ਗਿਆ ਸੀ। ਇਸ ਤੋਂ ਬਾਅਦ ਫਲਾਈਟ ਇੰਗਲੈਂਡ ਲਈ ਰਵਾਨਾ ਹੋਈ ਪਰ ਕਿਰਨਦੀਪ ਕੌਰ ਨੂੰ ਜਾਣ ਨਹੀਂ ਦਿੱਤਾ ਗਿਆ ਜਿਸ ਕਾਰਨ ਉਹ ਘਰ ਪਰਤ ਆਈ।