ਸਰੱਹਦ ਪਾਰੋਂ ਹੁੰਦੀ ਬੰਦੂਕਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਵਿਚ ਸਹਿਯੋਗ ਲਈ ਕੈਨੇਡਾ ਅਤੇ ਅਮਰੀਕਾ ਦੇ ਸੀਨੀਅਰ ਜਸਟਿਸ ਅਤੇ ਪਬਲਿਕ ਸੇਫ਼ਟੀ ਅਧਿਕਾਰੀ ਅੱਜ ਔਟਵਾ ਵਿਚ ਮੁਲਾਕਾਤ ਕਰਨਗੇ। ਕੈਨੇਡਾ-ਯੂਐਸ ਕ੍ਰੌਸ ਬਾਰਡਰ ਕ੍ਰਾਈਮ ਫ਼ੋਰਮ ਦੀ ਇਸ ਬੈਠਕ ਵਿਚ ਕੈਨੇਡਾ ਦੇ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚਿਨੋ ਅਤੇ ਜਸਟਿਸ ਮਿਨਿਸਟਰ ਡੇਵਿਡ ਲਮੈਟੀ ਅਤੇ ਅਮਰੀਕੀ ਹਮਰੁਤਬਾ ਅਧਿਕਾਰੀ ਹੋਮਲੈਂਡ ਸਿਕਿਓਰਿਟੀ ਸੈਕਟਰੀ ਐਲੇਜ਼ਾਂਦਰੋ ਮਾਯੋਰਕਸ ਅਤੇ ਅਟੌਰਨੀ ਜਨਰਲ ਮੈਰਿਕ ਗਾਰਲੈਂਡ ਸ਼ਾਮਲ ਹੋਣਗੇ।
ਕੈਨੇਡਾ ਅਤੇ ਅਮਰੀਕਾ ਵੱਲੋਂ ਸਰਹੱਦ ਪਾਰ ਹੋਣ ਵਾਲੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਵਿਚ ਬਿਹਤਰ ਤਾਲਮੇਲ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਮਨੁੱਖੀ ਤਸਕਰੀ ਅਤੇ ਅਪਰਾਧਕ ਨਿਆਂ ਸੁਧਾਰਾਂ ਵਰਗੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਕ੍ਰੌਸ-ਬਾਰਡਰ ਕ੍ਰਾਈਮ ਫ਼ੋਰਮ ਦੇ ਜ਼ਰੀਏ, ਦੋਵਾਂ ਦੇਸ਼ਾਂ ਨੇ ਸੰਭਾਵੀ ਖ਼ਤਰਿਆਂ ਨੂੰ ਸਾਂਝੇ ਤੌਰ ‘ਤੇ ਟਾਰਗੇਟ ਕਰਨ, ਖ਼ਤਰਿਆਂ ਦਾ ਮੁਲਾਂਕਣ ਕਰਨ, ਬਿਹਤਰ ਜਾਣਕਾਰੀ ਸਾਂਝੀ ਕਰਨ ਅਤੇ ਸਹਿਯੋਗ ਦੇ ਨਵੇਂ ਤਰੀਕਿਆਂ ‘ਤੇ ਕੰਮ ਕੀਤਾ ਹੈ।
ਦ ਕੈਨੇਡੀਅਨ ਪ੍ਰੈੱਸ