ਹਰਿਆਣਾ ਦੀ ਖੱਟੜ ਸਰਕਾਰ SYL ਨਹਿਰ ਦਾ ਪਾਣੀ ਆਪਣੇ ਸੂਬੇ ‘ਚ ਲਿਆਉਣ ਦਾ ਰਾਹ ਤਿਆਰ ਕਰ ਰਹੀ ਹੈ। ਇਸ ਲਈ ਹਰਿਆਣਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਪਾਣੀ ਲਿਆਉਣ ਦਾ ਵਿਕਲਪ ਵੀ ਤਿਆਰ ਕੀਤਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਦੀ ਬਜਾਏ ਹਿਮਾਚਲ ਪ੍ਰਦੇਸ਼ ਦੇ ਰਸਤੇ 67 ਕਿਲੋਮੀਟਰ ਦੀ ਨਹਿਰ ਬਣਾ ਕੇ ਪਾਣੀ ਲੈਣ ਦਾ ਰਸਤਾ ਤਿਆਰ ਪ੍ਰਸਤਾਵਿਤ ਕੀਤਾ ਹੈ। ਨਹਿਰ ਬਣਾਉਣ ਵਿਚ 4200 ਕਰੋੜ ਰੁਪਏ ਦਾ ਖਰਚ ਆਉਣਾ ਹੈ।
ਗੱਲ ਸਿਰਫ ਹਿਮਾਚਲ ਦੇ ਮੁਨਾਫੇ ਨੂੰ ਲੈ ਕੇ ਅੜੀ ਹੋਈ ਹੈ। ਨਹਿਰ ਦੇ ਰੂਟ ਪਲਾਨ, ਖਰਚ ਅਤੇ ਹਿਮਾਚਲ ਦੇ ਮੁਨਾਫ਼ੇ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 5 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਬੈਠਕ ਕਰਨਗੇ। ਹਰਿਆਣਾ ਲਈ SYL ਨਹਿਰ ਦਾ ਪਾਣੀ ਮਿਲਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਹਰਿਆਣਾ ਦੇ ਰੇਵਾੜੀ ਅਤੇ ਭਿਵਾਨੀ ਵਰਗੇ ਜ਼ਿਲ੍ਹਿਆਂ ਵਿਚ ਪਾਣੀ ਦੀ ਬਹੁਤ ਕਿੱਲਤ ਹੈ। ਪਾਣੀ ਨਾ ਮਿਲਣ ਕਾਰਨ ਹਰ ਸਾਲ ਹਜ਼ਾਰਾਂ ਏਕੜ ਜ਼ਮੀਨ ‘ਤੇ ਫ਼ਸਲ ਨਹੀਂ ਹੋ ਪਾਉਂਦੀ।
ਦੱਸ ਦੇਈਏ ਕਿ ਪੰਜਾਬ ਦੇ ਰਸਤਿਓਂ ਹਰਿਆਣਾ ਵਿਚ ਪਾਣੀ ਲਿਆਉਣ ਲਈ 157 ਕਿਲੋਮੀਟਰ ਦੀ ਦੂਰੀ ਬਣਦੀ ਹੈ। ਹਾਲਾਂਕਿ ਪੰਜਾਬ ਕਿਸੇ ਵੀ ਸੂਰਤ ਵਿਚ ਹਰਿਆਣਾ ਨੂੰ ਪਾਣੀ ਨਾ ਦੇਣ ਦੀ ਜਿੱਦ ‘ਤੇ ਅੜਿਆ ਹੋਇਆ ਹੈ ਅਤੇ ਦਲੀਲ ਦੇ ਰਿਹਾ ਹੈ ਕਿ ਪੰਜਾਬ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ। ਅਜਿਹੇ ਵਿਚ ਹਰਿਆਣਾ ਸਰਕਾਰ ਨੇ ਪੰਜਾਬ ਦੀ ਬਜਾਏ ਹਿਮਾਚਲ ਪ੍ਰਦੇਸ਼ ਦੇ ਰਸਤਿਓਂ ਪਾਣੀ ਲੈਣ ਦਾ ਰਾਹ ਤਿਆਰ ਕੀਤਾ ਹੈ।