ਕੈਨੇਡਾ ਦੇ ਹਾਊਸਿੰਗ ਮਿਨਿਸਟਰ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਹਾਊਸਿੰਗ ਮਾਰਕੀਟ ‘ਤੇ ਮੌਜੂਦਾ ਬੋਝ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਹਾਊਸਿੰਗ, ਇਨਫ਼੍ਰਾਸਟਰਕਚਰ ਐਂਡ ਕਮਿਉਨਿਟੀਜ਼ ਮਿਨਿਸਟਰ, ਸ਼ੌਨ ਫ਼੍ਰੇਜ਼ਰ ਨੇ ਸੋਮਵਾਰ ਨੂੰ ਸ਼ਾਰਲੇਟਾਊਨ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਵਿਕਲਪਾਂ ਵਿਚੋਂ ਇੱਕ ਹੈ ਜਿਸ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।”
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਕੈਨੇਡਾ ਵਿਚ 800,000 ਅੰਤਰਰਾਸ਼ਟਰੀ ਵਿਦਿਆਰਥੀ ਪਹੁੰਚੇ ਹਨ। ਫ਼੍ਰੇਜ਼ਰ ਜੋਕਿ ਕੈਬਿਨੇਟ ਵਿਚ ਫੇਰਬਦਲ ਤੋਂ ਪਹਿਲਾਂ ਖ਼ੁਦ ਇਮੀਗ੍ਰੇਸ਼ਨ ਮਿਨਿਸਟਰ ਸਨ, ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਵਿੱਦਿਅਕ ਅਦਾਰਿਆਂ ਨਾਲ ਵਿਚਾਰ-ਵਟਾਂਦਰਾ ਕਰਨਗੇ ਕਿ ਕਿਰਾਏ ਵਾਲੀਆਂ ਰਿਹਾਇਸ਼ਾਂ ਦੀ ਘਾਟ ਵਿਚ ਵਿਦਿਆਰਥੀਆਂ ਲਈ ਰਹਿਣ ਦੀ ਜਗ੍ਹਾਂ ਲੱਭਣਾ ਸੌਖਾ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕੁਝ ਵਿੱਦਿਅਕ ਅਦਾਰਿਆਂ ’ਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਅਤੇ ਹਾਊਸਿੰਗ ਸੰਕਟ ਨੂੰ ਵਧਾਉਣ ਦਾ ਵੀ ਦੋਸ਼ ਲਗਾਇਆ। ਅਗਾਮੀ ਪਾਰਲੀਮੈਂਟਰੀ ਸੈਸ਼ਨ ਤੋਂ ਪਹਿਲਾਂ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਏਜੰਡਾ ਤੈਅ ਕਰਨਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਨਵੀਂ ਕੈਬਿਨੇਟ ਦੇ ਮੁੱਖ ਉਦੇਸ਼ਾਂ ਵਿਚੋਂ ਇਕ ਹੈ।ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (CMHC), ਅਨੁਸਾਰ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਨੂੰ 2030 ਤੱਕ 5.8 ਮਿਲੀਅਨ ਘਰਾਂ ਦੇ ਨਿਰਮਾਣ ਦੀ ਜ਼ਰੂਰਤ ਹੈ, ਜਿਸ ਵਿਚ 2 ਮਿਲੀਅਨ ਕਿਰਾਏ ਦੇ ਯੂਨਿਟ ਵੀ ਸ਼ਾਮਲ ਹਨ।
ਫ਼੍ਰੇਜ਼ਰ ਨੇ ਕਿਫ਼ਾਇਤੀ ਹਾਊਸਿੰਗ ਦੀ ਘਾਟ ਲਈ ਨਵੇਂ ਇਮੀਗ੍ਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਵਿਰੁੱਧ ਵੀ ਆਗਾਹ ਕੀਤਾ। ਉਨ੍ਹਾਂ ਕਿਹਾ ਕਿ ਹਾਊਸਿੰਗ ਚੁਣੌਤੀਆਂ ਦੇ ਅਸਲ ਕਾਰਨ ਦੇਖਣ ਦੀ ਜ਼ਰੂਰਤ ਹੈ ਅਤੇ ਇਮੀਗ੍ਰੇਸ਼ਨ ਇਸ ਸੰਕਟ ਦੇ ਹੱਲ ਦਾ ਹਿੱਸਾ ਹੋ ਸਕਦਾ ਹੈ ਕਿਉਂਕਿ ਵਧੇਰੇ ਘਰ ਬਣਾਉਣ ਲਈ ਵਧੇਰੇ ਕਾਮਿਆਂ ਦੀ ਵੀ ਜ਼ਰੂਰਤ ਹੋਵੇਗੀ।