ਅਮਰੀਕਾ ਦੇ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵਿਚ ਕੈਨੇਡੀਅਨ ਪਾਇਲਟਾਂ ਦੀ ਗਿਣਤੀ ਸਾਲ 2022 ਵਿਚ ਤਿੰਨਾ ਗੁਣਾ ਵਧ ਗਈ ਹੈ। ਇਸ ਰੁਝਾਨ ਨਾਲ ਕੈਨੇਡਾ ਵਿਚ ਪਾਇਲਟਾਂ ਦੀ ਘਾਟ ਦੀ ਸਮੱਸਿਆ ਹੋਰ ਡੂੰਘੀ ਹੋਣ ਦਾ ਖ਼ਦਸ਼ਾ ਵਧ ਗਿਆ ਹੈ।ਅਮਰੀਕਾ ਦੇ ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਨੁਸਾਰ, 2022 ਵਿਚ 147 ਪਾਇਲਟਾਂ ਨੇ ਅਮਰੀਕਾ ਵਿਚ ਕਮਰਸ਼ੀਅਲ ਜਹਾਜ਼ ਉਡਾਉਣ ਲਈ ਲਾਈਸੈਂਸ ਅਪਲਾਈ ਕੀਤਾ, ਜਦਕਿ 2021 ਵਿਚ ਸਿਰਫ਼ 39 ਪਾਇਲਟਾਂ ਨੇ ਅਜਿਹਾ ਕੀਤਾ ਸੀ।
USA ਵਿਚ ਟ੍ਰੈਵਲ ਦੀ ਵਧੇਰੇ ਮੰਗ ਨੇ ਪਾਇਲਟਾਂ ਨੂੰ ਵੀ ਤਨਖ਼ਾਹ ਵਾਧੇ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ, ਜਿਸ ਕਰਕੇ ਦੇਰੀ ਅਤੇ ਨਵੇਂ ਮੁਲਕ ਵਿਚ ਵੱਸਣ ਸਬੰਧੀ ਖ਼ਰਚਿਆਂ ਦੇ ਬਾਵਜੂਦ, ਵਿਦੇਸ਼ੀ ਪਾਇਲਟ ਅਮਰੀਕਾ ਵੱਲ ਆਕਰਸ਼ਤ ਹੋ ਰਹੇ ਹਨ। ਭਾਵੇਂ ਇਹ ਗਿਣਤੀ ਛੋਟੀ ਹੈ, ਪਰ ਪਾਇਲਟਾਂ ਦੀ ਘਾਟ ਨਾਲ ਜੂਝਦੀ ਕੈਨੇਡੀਅਨ ਏਅਰਲਾਈਨ ਇੰਡਸਟਰੀ ਲਈ ਇਹ ਚਿੰਤਾਜਨਕ ਹੋ ਸਕਦੀ ਹੈ। ਇਹ ਰੁਝਾਨ ਏਅਰ ਕੈਨੇਡਾ ਅਤੇ ਉਸਦੇ ਪਾਇਲਟਾਂ ਦਰਮਿਆਨ ਹੋਣ ਵਾਲੀ ਗੱਲਬਾਤ ‘ਤੇ ਵੀ ਦਬਾਅ ਪਾ ਸਕਦਾ ਹੈ, ਜਿਨ੍ਹਾਂ ਦਾ ਕਾਂਟਰੈਕਟ 29 ਸਤੰਬਰ ਨੂੰ ਸਮਾਪਤ ਹੋ ਰਿਹਾ ਹੈ।
ਪਾਇਲਟਾਂ ਦੀ ਘਾਟ ਦੇ ਚਲਦਿਆਂ ਏਅਰ ਕੈਨੇਡਾ ਨੇ ਹਾਲ ਹੀ ਵਿਚ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਪਾਇਲਟਾਂ ਦੀ ਨੁਮਾਇੰਦਗੀ ਕਰਦੀ ਯੂਨੀਫ਼ੌਰ ਲੋਕਲ ਯੂਨੀਅਨ ਦੇ ਪ੍ਰੈਜ਼ੀਡੈਂਟ, ਮਾਰਕ ਟੇਲਰ ਨੇ ਦੱਸਿਆ ਕਿ ਸਨਵਿੰਗ ਦੇ ਕਰੀਬ 490 ਪਾਇਲਟ ਅਮਰੀਕਾ ਲਈ ਅਪਲਾਈ ਕਰ ਰਹੇ ਹਨ। ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਸਨਵਿੰਗ ਦੇ ਦੋ ਪਾਇਲਟਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਵਿਚ ਲਾਇਸੈਂਸ ਪ੍ਰਾਪਤ ਕਰ ਲਿਆ ਹੈ ਅਤੇ ਇਮੀਗ੍ਰੇਸ਼ਨ ਦੇ ਕਾਗ਼ਜ਼ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਰਹਿਣ-ਸਹਿਣ ਦੀ ਮਹਿੰਗੀ ਲਾਗਤ ਅਤੇ ਅਮਰੀਕਾ ਵਿਚ ਮਿਲਦੀ ਵਧੇਰੇ ਤਨਖ਼ਾਹ ਕਾਰਨ ਉਨ੍ਹਾਂ ਨੇ ਇੱਥੋਂ ਜਾਣ ਦਾ ਮਨ ਬਣਾਇਆ ਹੈ।
ਏਅਰ ਕੈਨੇਡਾ ਨੇ ਕਿਹਾ ਕਿ ਉਹ ਪਾਇਲਟਾਂ ਦੀਆਂ ਨੌਕਰੀ ਨੂੰ ਲੈਕੇ ਵਿਅਕਤੀਗਤ ਪਸੰਦਾਂ ‘ਤੇ ਟਿੱਪਣੀ ਨਹੀਂ ਕਰ ਸਕਦੀ, ਪਰ ਕਿਹਾ ਕਿ ਕੰਪਨੀ ਨੂੰ ਆਪਣੀ ਮੁੱਖ ਏਅਰਲਾਈਂਨ ਵੱਲ ਪਾਇਲਟਾਂ ਨੂੰ ਆਕਰਸ਼ਿਤ ਕਰਨ ਵਿੱਚ ਮੁਸ਼ਕਲ ਨਹੀਂ ਹੈ। ਵੱਡੀਆਂ ਏਅਰਲਾਈਨਾਂ ਦੁਆਰਾ ਛੋਟੀ ਏਅਰਲਾਈਨਾਂ ਦੇ ਪਾਇਲਟ ਭਰਤੀ ਕਰਨ ਕਰਕੇ ਖੇਤਰੀ ਰੂਟਾਂ ਵਿਚ ਕਟੌਤੀ ਵਰਗੇ ਪ੍ਰਭਾਵ ਵੀ ਪੈ ਸਕਦੇ ਹਨ।
(ਸੀਬੀਸੀ ਨਿਊਜ਼)