ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 2024 ਤੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਲੋਕਪ੍ਰਿਅਤਾ ਖਤਮ ਹੁੰਦੀ ਨਜ਼ਰ ਆ ਰਹੀ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਟਰੰਪ, ਜੋਅ ਬਾਇਡਨ ਨੂੰ ਪਛਾੜਦੇ ਨਜ਼ਰ ਆ ਰਹੇ ਹਨ। ਮੀਡੀਆ ਸੰਗਠਨਾਂ ਦੇ ਨਵੇਂ ਪ੍ਰੀ-ਚੋਣ ਸਰਵੇਖਣਾਂ ਦੇ ਅਨੁਸਾਰ, 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਪ੍ਰਸਿੱਧੀ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿੱਛੇ ਹਨ। ਅਮਰੀਕੀ ਰਾਸ਼ਟਰਪਤੀ ਚੋਣ 2024 ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ਅਨੁਸਾਰ ‘ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 51 ਅੰਕ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ 42 ਅੰਕ ਮਿਲੇ ਹਨ।’ ਸਰਵੇਖਣ ਦੇ ਨਤੀਜੇ ਡੋਨਾਲਡ ਟਰੰਪ ਲਈ ਕਾਫੀ ਉਤਸ਼ਾਹਜਨਕ ਹੋ ਸਕਦੇ ਹਨ ਕਿਉਂਕਿ ਉਹ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਬਣਨ ਦਾ ਸੁਪਨਾ ਦੇਖ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਬਣਨ ਦੇ ਦਾਅਵੇਦਾਰਾਂ ‘ਚ ਡੋਨਾਲਡ ਟਰੰਪ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹਨ। ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਅਧਿਕਾਰਤ ਤੌਰ ‘ਤੇ ਜਨਵਰੀ ‘ਚ ਨਿਊ ਹੈਂਪਸ਼ਾਇਰ ਪ੍ਰਾਇਮਰੀ ਅਤੇ ਆਇਓਵਾ ਕਾਕਸ ਨਾਲ ਸ਼ੁਰੂ ਹੋਵੇਗੀ। ਰਿਪਬਲਿਕਨ ਉਮੀਦਵਾਰ ਬਣਨ ਦੇ ਹੋਰ ਦਾਅਵੇਦਾਰਾਂ ਵਿੱਚ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੀ ਪ੍ਰਸਿੱਧੀ ਹਾਲ ਹੀ ਦੇ ਹਫ਼ਤਿਆਂ ਵਿੱਚ ਵਧੀ ਹੈ। ਇਸ ਦੇ ਬਾਵਜੂਦ ਟਰੰਪ ਉਨ੍ਹਾਂ ਤੋਂ ਕਾਫੀ ਅੱਗੇ ਹਨ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਾਰਟੀ ਦਾ ਉਮੀਦਵਾਰ ਬਣਨ ਦੀ ਪੂਰੀ ਸੰਭਾਵਨਾ ਹੈ।